ਗੈਰ-ਕਾਨੂਨੀ ਗੋਦਾਮ ਦਾ ਪਰਦਾਫਾਸ਼, 70 ਲੱਖ ਦੀਆਂ ਦਵਾਈਆਂ ਜ਼ਬਤ

ਅੰਮ੍ਰਿਤਸਰ, 6 ਅਪ੍ਰੈਲ 2025 – ਸਿਹਤ ਵਿਭਾਗ ਦੇ ਡਰੱਗ ਵਿੰਗ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਿਆਂ ਵਿਰੁੱਧ ਮੁਹਿੰਮ ’ਚ ਸੂਬੇ ਭਰ ਦੀ ਸਭ ਤੋਂ ਵੱਡੀ ਨਸ਼ਿਆਂ ਦੀ ਖੇਪ ਫੜੀ ਹੈ। ਅੰਮ੍ਰਿਤਸਰ ਦੇ ਹੋਲਸੇਲ ਮਾਰਕੀਟ ’ਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਗੋਦਾਮ ’ਚ ਛਾਪੇਮਾਰੀ ਕਰ ਕੇ ਪ੍ਰੀਗਾਬਾਲਿਨ ਅਤੇ ਲੱਗਭਗ 70 ਲੱਖ ਦੀਆਂ ਹੋਰ ਦਵਾਈਆਂ ਜ਼ਬਤ ਕੀਤੀਆਂ। ਵਿਭਾਗ ਵੱਲੋਂ ਸਬੰਧਤ ਦਵਾਈ ਮਾਲਕ ਖਿਲਾਫ ਕਾਰਵਾਈ ਲਈ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਪੁਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਵਿਭਾਗ ਵੱਲੋਂ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਅਤੇ ਨਸ਼ਾ ਵੇਚਣ ਵਾਲਿਆਂ ਖਿਲਾਫ ਲਗਾਤਾਰ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਦਵਾਈਆਂ ਦੀ ਹੋਲਸੇਲ ਮਾਰਕੀਟ ਕਟੜਾ ਸ਼ੇਰ ਸਿੰਘ ’ਚ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਡਰੱਗ ਕੰਟਰੋਲ ਅਧਿਕਾਰੀ ਮੈਡਮ ਬਬਲੀਨ ਕੌਰ ਵੀ ਮੌਜੂਦ ਸਨ। ਚੈਕਿੰਗ ਦੌਰਾਨ ਗਣੇਸ਼ ਫਾਰਮਾ ਦੇ ਅਮਿਤ ਕੁਮਾਰ ਪ੍ਰੋਪ ਦੇ ਸ਼ੰਕਰ ਮਾਰਕੀਟ ਅੰਮ੍ਰਿਤਸਰ ਦੀ ਚੌਥੀ ਮੰਜ਼ਿਲ ਸਥਿਤ ਗੈਰ-ਲਾਇਸੈਂਸੀ ਗੋਦਾਮ ਦਾ ਨਿਰੀਖਣ ਕੀਤਾ ਅਤੇ ਪ੍ਰੀਗਾਬਾਲਿਨ ਅਤੇ ਲੱਗਭਗ 70 ਲੱਖ (16 ਕਿਸਮਾਂ) ਦੀਆਂ ਹੋਰ ਦਵਾਈਆਂ ਜ਼ਬਤ ਕੀਤੀਆਂ ਕਿਉਂਕਿ ਇੰਚਾਰਜ ਰਿਕਵਰੀ ਵਾਲੀ ਥਾਂ ’ਤੇ ਖਰੀਦ ਰਿਕਾਰਡ ਅਤੇ ਲਾਇਸੈਂਸ ਪੇਸ਼ ਕਰਨ ’ਚ ਅਸਫਲ ਰਿਹਾ। ਨਾਲ ਹੀ ਟੈਸਟ ਅਤੇ ਵਿਸ਼ਲੇਸ਼ਣ ਲਈ 6 ਨਮੂਨੇ ਲਏ ਗਏ।

ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਡਰੱਗ ਐਂਡ ਕੋਸਟਮੈਟਿਕ ਐਕਟ ਨੂੰ ਹੇਠਲੇ ਪੱਧਰ ਤੱਕ ਲਾਗੂ ਕਰਵਾਉਣ ਲਈ ਸਰਗਰਮੀ ਨਾਲ ਭੂਮਿਕਾ ਨਿਭਾਈ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਡਰੱਗ ਵਿੰਗ ਲਗਾਤਾਰ ਨਸ਼ੇ ਦੇ ਸੌਦਾਗਰਾਂ ਖਿਲਾਫ ਕਾਰਵਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਹੁਣ ਤੱਕ ਮੁਹਿੰਮ ਤਹਿਤ ਕਈ ਦੁਕਾਨਾਂ ਨੂੰ ਜਿੱਥੇ ਸੀਲ ਕੀਤਾ ਗਿਆ ਹੈ, ਉਥੇ ਇੱਕ ਦਰਜਨ ਦੇ ਕਰੀਬ ਲਾਇਸੈਂਸ ਮੁਅੱਤਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ’ਚ ਪੰਜਾਬ ਦੀ ਸਭ ਤੋਂ ਵੱਡੀ ਰਿਕਵਰੀ ਡਰੱਗ ਵਿੰਗ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ। ਜ਼ੋਨਲ ਲਾਇਸੈਂਸ ਅਥਾਰਟੀ ਕੁਲਵਿੰਦਰ ਸਿੰਘ ਦੀ ਅਗਵਾਈ ’ਚ ਲਗਾਤਾਰ ਡਰੱਗ ਟੀਮਾਂ ਦਿਨ-ਰਾਤ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੀਆਂ ਹਨ।

ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਸ਼ੋਕ ਗੋਇਲ ਨੇ ਵਿਭਾਗ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਹਮੇਸ਼ਾ ਨਸ਼ਿਆਂ ਖਿਲਾਫ ਰਹੀ ਹੈ ਅਤੇ ਨਸ਼ੇ ਦੇ ਸੌਦਾਗਰਾਂ ’ਤੇ ਕਾਰਵਾਈ ਕਰਨ ਲਈ ਵਿਭਾਗ ਦਾ ਸਾਥ ਦਿੰਦੀ ਰਹੀ ਹੈ। ਸਰਕਾਰ ਵੱਲੋਂ ਹਮੇਸ਼ਾ ਨਸ਼ੇ ਖਿਲਾਫ ਚਲਾਈ ਮੁਹਿੰਮ ’ਚ ਐਸੋਸੀਏਸ਼ਨ ਨੇ ਵਧ-ਚੜ੍ਹ ਕੇ ਹਿੱਸਾ ਪਾਇਆ ਹੈ। ਉਨ੍ਹਾਂ ਕਿਹਾ ਕਿ ਜੋ ਨਸ਼ੇ ਦਾ ਵਪਾਰ ਮੈਡੀਕਲ ਸਟੋਰ ਦੀ ਆੜ ’ਚ ਕਰਦਾ ਹੈ, ਉਸ ਦਾ ਐਸੋਸੀਏਸ਼ਨ ਸਮਰਥਨ ਨਹੀਂ ਕਰਦੀ। ਐਸੋਸੀਏਸ਼ਨ ਦਾ ਉਸ ਨਾਲ ਕੋਈ ਵੀ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਨਸ਼ੇ ਦੇ ਸੌਦਾਗਰਾਂ ਦੀ ਮਦਦ ਕਰਨ ਵਾਲੀਆਂ ਕਾਲੀਆਂ ਭੇਡਾਂ ’ਤੇ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਸਿਹਤ ਵਿਭਾਗ ਦਾ ਡਰੱਗ ਵਿੰਗ ਨਿਯਮਾਂ ਤੋਂ ਉਲਟ ਕੰਮ ਕਰਨ ਵਾਲੇ ਮੈਡੀਕਲ ਸਟੋਰਾਂ ’ਤੇ ਲਗਾਤਾਰ ਕਾਰਵਾਈ ਕਰ ਰਿਹਾ ਹੈ। ਵਿਭਾਗ ਵੱਲੋਂ ਹੁਣ ਡਰੱਗ ਐਂਡ ਕਾਸਟਮੈਟਿਕ ਐਕਟ ਤਹਿਤ ਇਕ ਵਾਰ ਫਿਰ ਮੈਡੀਕਲ ਸਟੋਰਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਣ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਦੀ ਇਸ ਐਡਵਾਈਜ਼ਰੀ ’ਤੇ ਜ਼ਿਲਾ ਪ੍ਰਸ਼ਾਸਨ ਨੇ ਮੋਹਰ ਲਾਉਂਦਿਆਂ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ ਕਰਨ ਦੇ ਹੁਕਮ ਜਾਰੀ ਕੀਤੇ ਹਨ। ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਦੇ ਹੁਕਮਾਂ ਤਹਿਤ ਜ਼ਿਲੇ ਦੇ 4000 ਤੋਂ ਵਧੇਰੇ ਮੈਡੀਕਲ ਸਟੋਰਾਂ ਦੀ ਚੈਕਿੰਗ ਲਈ ਜਿੱਥੇ ਸਿਹਤ ਵਿਭਾਗ ਵੱਲੋਂ 30 ਤੋਂ ਵਧੇਰੇ ਟੀਮਾਂ ਦਾ ਵੱਖਰੇ ਤੌਰ ’ਤੇ ਗਠਨ ਕੀਤਾ ਗਿਆ ਹੈ, ਉਥੇ ਹੀ ਡਰੱਗ ਵਿਭਾਗ ਵੱਲੋਂ ਲਗਾਤਾਰ ਟੀਮਾਂ ਦਾ ਗਠਨ ਕਰ ਕੇ ਚੈਕਿੰਗ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਾਇਰ ਫਾਈਟਰ ਹੈਲੀਕਾਪਟਰ ਕ੍ਰੈਸ਼, ਪਾਇਲਟ ਦੀ ਮੌਤ

ਆਸ਼ੀਰਵਾਦ ਸਕੀਮ ਹੇਠ 102.69 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਜਾਰੀ – ਡਾ. ਬਲਜੀਤ ਕੌਰ