- ਐਸਜੀਪੀਸੀ ਮੈਂਬਰ ਸ੍ਰੀ ਅਕਾਲ ਤਖ਼ਤ ਸਾਹਿਬ ਹੁਕਮਨਾਮਿਆਂ ਦੇ ਖਿਲਾਫ ਚੱਲਣ ਵਾਲਿਆਂ ਨੂੰ ਵੋਟ ਨਾ ਪਾਉਣ
- ਕੱਲ ਦੇ ਕਿਸਾਨ, ਆੜ੍ਹਤੀ ਅਤੇ ਸ਼ੈਲਰਾਂ ਵਾਲਿਆਂ ਦੇ ਪ੍ਰਦਰਸਨ ਦਾ ਸਮੱਰਥਨ ਕਰਦੇ ਹਾਂ
ਜਲੰਧਰ 13 ਅਕਤੂਬਰ 2024 – ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਮੈਂਬਰ ਸਕੱਤਰ ਤੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਵੱਲੋਂ ਜਾਣਕਾਰੀ ਸਾਂਝਾ ਕਰਦਿਆਂ ਕਿਹਾ, ਕਿ ਸ੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੀ ਬਹੁਤ ਅਹਿਮ ਮੀਟਿੰਗ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦੀ ਅਗਵਾਈ ਵਿੱਚ ਮਿਤੀ 18 ਅਕਤੂਬਰ ਨੂੰ ਸਵੇਰੇ 11 ਵਜੇ ਜਲੰਧਰ ਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਹੋਵੇਗੀ। ਜਿਸ ਵਿੱਚ ਸਮੁੱਚੀ ਪ੍ਰਜੀਡੀਅਮ, ਐਗਜੈਕਟਿਵ ਕਮੇਟੀ ਅਤੇ ਐਡਵਾਈਜਰੀ ਬੋਰਡ ਦੇ ਸਾਰੇ ਮੈਂਬਰ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਖਾਸ ਤੌਰ ਤੇ ਐਸਜੀਪੀਸੀ ਪ੍ਰਧਾਨ ਦੀ ਚੋਣ ਲਈ ਉਮੀਦਵਾਰ ਦਾ ਫੈਸਲਾ ਕੀਤਾ ਜਾਵੇਗਾ।
ਬਰਾੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਐਸਜੀਪੀਸੀ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀ ਚੋਣ ਸਮੇਂ ਇਕ ਪਰਿਵਾਰ ਦੀ ਅਜਾਰੇਦਾਰੀ ਤੋੜਨ ਦਾ ਅਤੇ ਸਮਾਂ ਆ ਗਿਆ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿਆਸੀ ਗਲਬੇ ਚੋ ਅਜ਼ਾਦ ਕਰਵਾਉਣ ਦਾ ਅਤੇ ਸਮਾਂ ਆ ਗਿਆ ਹੈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਜਥੇਦਾਰ ਸਹਿਬਾਨਾਂ ਨੂੰ ਸੇਵਾ ਤੇ ਬਿਠਾਉਣ ਅਤੇ ਸੇਵਾ ਮੁਕਤੀ ਬਾਰੇ ਵਿਧੀ ਵਿਧਾਨ ਬਣਾਉਣ ਦਾ ਸੋ ਇਸ ਲਈ ਸਾਰੇ ਮੈਂਬਰਾਂ ਨੂੰ ਅੱਗੇ ਆਕੇ ਇਸ ਵਿੱਚ ਸਹਿਯੋਗੀ ਬਣਨਾ ਚਾਹੀਦਾ ਹੈ।
ਸੁਖਬੀਰ ਸਿੰਘ ਬਾਦਲ ਜੋ ਇਸ ਸਮੇਂ ਤਨਖਾਈਏ ਕਰਾਰ ਦਿੱਤੇ ਗਏ ਹਨ ਉਹ ਲੋਕਾਂ ਵਿੱਚ ਵਿਚਰ ਕੇ ਤੇ ਖਾਸਤੌਰ ਤੇ ਬੀਤੇ ਕੱਲ ਚੰਡੀਗੜ ਕੋਠੀ ਵਿੱਚ ਲਗਭਗ ਸਾਰੇ ਐਸਜੀਪੀਸੀ ਮੈਂਬਰਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਮੀਟਿੰਗਾਂ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ। ਸ: ਬਰਾੜ ਵੱਲੋਂ ਐਸਜੀਪੀਸੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸੋਚ ਕੇ ਫੈਸਲਾ ਲੈਣ। ਕਿਉਂਕਿ ਇੱਕ ਪਾਸੇ ਹੁਕਮਨਾਮੇਂ ਦੇ ਖਿਲਾਫ ਜਾ ਕੇ ਪੌਸਾਕ ਵਾਲਾ ਕੇਸ ਵਾਪਸ ਕਰਾਉਣ ਵਾਲੇ ਹਨ, ਡੇਰੇ ਨੂੰ ਮੁਆਫ਼ੀ ਦਿਵਾਉਣ ਵਾਲੇ ਹਨ, ਧੱਕੇ ਨਾਲ ਇਸ਼ਤਿਹਾਰ ਦਿਵਾਉਣ ਵਾਲੇ ਹਨ, ਵੋਟਾਂ ਦੇ ਲਈ ਡੇਰੇ ਨਾਲ ਸੌਦੇਬਾਜ਼ੀ ਕਰਨ ਵਾਲੇ ਹਨ ਅਤੇ ਇਸੇ ਸੌਦੇਬਾਜ਼ੀ ਕਰਕੇ ਹੀ ਬੇਅਦਬੀ ਦੇ ਦੋਸ਼ੀ ਨਾ ਫੜੇ ਗਏ ਤੇ ਤਨਖਾਈਏ ਹੋਣ ਦੇ ਬਾਵਜੂਦ ਪ੍ਰਧਾਨਗੀ ਛੱਡਣ ਤੋਂ ਅੜਿੰਗ ਪ੍ਰਧਾਨ ਦੇ ਉਮੀਦਵਾਰ ਦੇ ਖਿਲਾਫ ਵੋਟ ਪਾਉਣ।
ਇਸ ਦੇ ਨਾਲ ਹੀ ਬਰਾੜ ਨੇ ਜਾਣਕਾਰੀ ਦਿੱਤੀ ਕਿ ਇਸ ਤੋਂ ਇਲਾਵਾ ਪੰਜਾਬ ਦੇ ਅੰਨਦਾਤੇ ਨੂੰ ਲੈਕੇ ਲੀਡਰਸ਼ਿਪ ਫਿਕਰਮੰਦ ਹੈ। ਝੋਨੇ ਦੀ ਖਰੀਦ ਨੂੰ ਲੈਕੇ ਅੰਨਦਾਤੇ ਦੀ ਲੜਾਈ ਹਰ ਫਰੰਟ ਤੇ ਲੜੀ ਜਾਵੇਗੀ ਇਸ ਨੂੰ ਲੈਕੇ ਮੀਟਿੰਗ ਵਿੱਚ ਮੁੱਦੇ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਕੱਲ੍ਹ ਪੰਜਾਬ ਭਰ ਵਿੱਚ ਕਿਸਾਨਾਂ ਵਲੋ ਝੋਨੇ ਦੀ ਖਰੀਦ ਨੂੰ ਲੈਕੇ ਜਿਹੜਾ ਤਿੰਨ ਘੰਟੇ ਦਾ ਧਰਨਾ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਸੁਧਾਰ ਲਹਿਰ ਇਸ ਦਾ ਸਮਰਥਨ ਕਰਦੀ ਹੈ ਅਤੇ ਆੜਤੀਏ, ਸ਼ੈਲਰ ਮਾਲਕਾਂ ਦੇ ਹੱਕ ਵਿੱਚ ਤਿੰਨ ਘੰਟੇ ਦੇ ਧਰਨੇ ਵਿੱਚ ਸ਼ਮੂਲੀਅਤ ਕਰੇਗੀ।