ਪਟਿਆਲਾ, 12 ਜਨਵਰੀ 2024 – ਪੰਜਾਬ ਵਿੱਚ ਬਾਲ ਜਿਨਸੀ ਸ਼ੋਸ਼ਣ ਦੇ ਮੁੱਦੇ ਨੂੰ ਸਮਝਣ ਅਤੇ ਹੱਲ ਕਰਨ ਦੇ ਇੱਕ ਅਹਿਮ ਯਤਨ ਵਜੋਂ ਪੰਜਾਬੀ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਮੈਨੇਜਮੈਂਟ ਸਟੱਡੀਜ਼ ਤੋਂ ਪ੍ਰੋਫੈਸਰ ਡਾ. ਰਿਤੂ ਲਹਿਲ ਅਤੇ ਸਰਕਾਰੀ ਮੈਡੀਕਲ ਕਾਲਜ, ਪਟਿਆਲਾ ਤੋਂ ਬੱਚਿਆਂ ਦੇ ਮਾਹਿਰ ਡਾ. ਹਰਸਿ਼ੰਦਰ ਕੌਰ ਦੀ ਅਗਵਾਈ ਵਿੱਚ ਇੱਕ ਅਹਿਮ ਖੋਜ ਪ੍ਰੋਜੈਕਟ ਮੁਕੰਮਲ ਕੀਤਾ ਗਿਆ। ਡਾ. ਰਿਤੂ ਲਹਿਲ ਨੇ ਦੱਸਿਆ ਕਿ ਡਾ. ਹਰਪ੍ਰੀਤ ਕੌਰ ਸਾਹਨੀ ਅਤੇ ਡਾ. ਸੁਖਵਿੰਦਰ ਸਿੰਘ ਦੇ ਸਹਿਯੋਗ ਨਾਲ਼ ਕੀਤੇ ਗਏ ਇਸ ਪ੍ਰਾਜੈਕਟ ਰਾਹੀਂ ਪੰਜਾਬ ਦੇ ਪਟਿਆਲਾ ਖੇਤਰ ਵਿੱਚ ਬਾਲ ਜਿਨਸੀ ਸ਼ੋਸ਼ਣ ਦੀਆਂ ਘਟਨਾਵਾਂ ਵਿੱਚ ਪਰੇਸ਼ਾਨ ਕਰਨ ਵਾਲ਼ੇ ਰੁਝਾਨਾਂ ਬਾਰੇ ਤੱਥ ਸਾਹਮਣੇ ਆਏ ਹਨ। ਇਹ ਅਧਿਐਨ ਵਿਸ਼ੇਸ਼ ਤੌਰ ਉੱਤੇ ਲੜਕੀਆਂ ਦੇ ਸੋਸ਼ਣ ਉੱਤੇ ਕੇਂਦਰਿਤ ਹੈ, ਜੋ ਕਿ ਹੋਰਾਈਜ਼ਨ ਇਨਫਰਾਸਟ੍ਰਕਚਰ ਐਂਡ ਡਿਵੈਲਪਰਜ਼ ਲਿਪ. ਦੇ ਸਹਿਯੋਗ ਨਾਲ਼ ਨੇਪਰੇ ਚੜ੍ਹਿਆ।
‘ਲੜਕੀਆਂ ਦਾ ਜਿਨਸੀ ਸ਼ੋਸ਼ਣ’ ਸਿਰਲੇਖ ਵਾਲ਼ੀ ਇਹ ਖੋਜ ਪੰਜਾਬ ਖੇਤਰ ਵਿੱਚ ਇਸ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਵਿਸ਼ੇ ਵਿੱਚ ਆਪਣੀ ਕਿਸਮ ਦੀ ਪਹਿਲੀ ਖੋਜ ਹੈ। ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬੱਚਿਆਂ ਦੇ ਵਾਰਡ ਵਿੱਚ ਇਸ ਸੰਬੰਧੀ ਮੁੱਖ ਤੌਰ ਉੱਤੇ ਅੰਕੜੇ ਇਕੱਠੇ ਕੀਤੇ ਗਏ। ਡਾ. ਹਰਸਿ਼ੰਦਰ ਕੌਰ ਅਤੇ ਉਨ੍ਹਾਂ ਦੀ ਟੀਮ ਨੇ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਅੱਗੇ ਆਉਣ ਅਤੇ ਆਪਣੇ ਤਜਰਬੇ ਸਾਂਝੇ ਕਰਨ ਲਈ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਅਧਿਐਨ ਦੇ ਨਤੀਜੇ ਉਨ੍ਹਾਂ 40 ਪੀੜਤਾਂ ਉੱਤੇ ਅਧਾਰਤ ਹਨ ਜੋ ਆਪਣੀ ਝਿਜਕ ਨੂੰ ਦੂਰ ਕਰਦਿਆਂ ਆਪਣੇ ਦੁਖਦਾਈ ਤਜਰਬਿਆਂ ਨੂੰ ਸਾਂਝਾ ਕਰਨ ਦੇ ਯੋਗ ਹੋਏ।
ਡਾ. ਰਿਤੂ ਲਹਿਲ ਨੇ ਦੱਸਿਆ ਕਿ ਅਧਿਐਨ ਇਹ ਉਜਾਗਰ ਕਰਦਾ ਹੈ ਕਿ ਆਰਥਿਕ ਤੌਰ ਉੱਤੇ ਪੱਛੜੇ ਹੋਏ ਪਿਛੋਕੜ ਵਾਲੀਆਂ ਲੜਕੀਆਂ, ਖਾਸ ਤੌਰ ਉੱਤੇ ਸੀਮਿਤ ਸਿੱਖਿਆ ਵਾਲੀਆਂ ਲੜਕੀਆਂ, ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਵਧੇਰੇ ਜੋਖਮ ਵਿੱਚ ਹਨ। ਇਸੇ ਤਰ੍ਹਾਂ ਸਿਹਤ ਸਮੱਸਿਆਵਾਂ ਅਤੇ ਅੰਗਹੀਣਤਾ ਤੋਂ ਪੀੜਤ ਲੜਕੀਆਂ ਜਿਨਸੀ ਸੋਸ਼ਣ ਲਈ ਵਧੇਰੇ ਸੰਵੇਦਨਸ਼ੀਲ ਵੇਖੀਆਂ ਗਈਆਂ ।ਅਧਿਐਨ ਵਿੱਚ ਸਾਹਮਣੇ ਆਇਆ ਕਿ ਦੁਰਵਿਵਹਾਰ ਦੀਆਂ ਘਟਨਾਵਾਂ ਵੱਖ-ਵੱਖ ਸਮਾਜਿਕ-ਆਰਥਿਕ ਅਤੇ ਧਾਰਮਿਕ ਪਿਛੋਕੜਾਂ ਵਿੱਚ ਰਿਪੋਰਟ ਕੀਤੀਆਂ ਗਈਆਂ।ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਜਿ਼ਆਦਾਤਰ ਦੁਰਵਿਵਹਾਰ ਦੇ ਮਾਮਲੇ ਪੀੜਤਾਂ ਦੇ ਆਪਣੇ ਘਰਾਂ ਵਿੱਚ ਹੁੰਦੇ ਹਨ, ਜਦੋਂ ਕਿ ਘਰ ਇੱਕ ਸੁਰੱਖਿਅਤ ਥਾਂ ਹੋਣੀ ਚਾਹੀਦੀ ਹੈ। ਅਧਿਐਨ ਅਨੁਸਾਰ ਬਹੁਤ ਸਾਰੇ ਦੁਰਵਿਵਹਾਰ ਕਰਨ ਵਾਲ਼ੇ ਚੰਗੀ ਸਿਹਤ ਵਿੱਚ ਵੇਖੇ ਗਏ ਜੋ ਕਿ ਇਸ ਮਾਮਲੇ ਵਿੱਚ ਆਮ ਪ੍ਰਚੱਲਿਤ ਧਾਰਨਾ ਦੇ ਉਲਟ ਗੱਲ ਹੈ।
ਅਧਿਐਨ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੁਰਵਿਵਹਾਰ ਵਾਲੀਆਂ ਕੁੜੀਆਂ ਵਿੱਚ ਵੱਡੀ ਗਿਣਤੀ ਵਿੱਚ ਉਹ ਕੁੜੀਆਂ ਸ਼ਾਮਿਲ ਸਨ, ਜੋ ਸਕੂਲ ਨਹੀਂ ਜਾ ਰਹੀਆਂ ਸਨ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹਾ ਮੁੱਦਾ ਹੈ ਜੋ ਤੁਰੰਤ ਧਿਆਨ ਦੇਣ ਦੀ ਮੰਗ ਕਰਦਾ ਹੈ।
ਇਸ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਕੁੱਝ ਖੇਤਰਾਂ ਵਿੱਚ ਤੁਰੰਤ ਕਦਮ ਉਠਾਏ ਜਾਣੇ ਲੋੜੀਂਦੇ ਹਨ ਜਿਨ੍ਹਾਂ ਵਿੱਚ ਸਿੱਖਿਆ ਦਾ ਪ੍ਰਚਾਰ ਕਰਨਾ ਅਹਿਮ ਤੌਰ ਉੱਤੇ ਸ਼ਾਮਿਲ ਹੈ। ਇਹ ਅਧਿਐਨ ਲੜਕੀਆਂ ਨੂੰ ਸਿੱਖਿਆ ਦੇਣ, ਉਨ੍ਹਾਂ ਨੂੰ ਜਿਨਸੀ ਅਪਰਾਧਾਂ ਨੂੰ ਪਛਾਣਨ ਅਤੇ ਰਿਪੋਰਟ ਕਰਨ ਲਈ ਗਿਆਨ ਨਾਲ ਲੈਸ ਕਰਨ ਦੀ ਮਹੱਤਤਾ ਉੱਤੇ ਜ਼ੋਰ ਦਿੰਦਾ ਹੈ।
ਅਧਿਐਨ ਅਨੁਸਾਰ ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਕਾਨੂੰਨੀ ਪ੍ਰਭਾਵਾਂ ਬਾਰੇ ਮਾਪਿਆਂ ਵਿੱਚ ਜਾਗਰੂਕਤਾ ਪੈਦਾ ਕਰਨਾ ਬਹੁਤ ਜ਼ਰੂਰੀ ਹੈ।ਇਹ ਅਧਿਐਨ ਅਜਿਹੇ ਅਪਰਾਧਾਂ ਦੀ ਰਿਪੋਰਟ ਕਰਨ ਲਈ ਆਸਾਨ ਅਤੇ ਵਧੇਰੇ ਪਹੁੰਚਯੋਗ ਤਰੀਕਿਆਂ ਦੀ ਵੀ ਮੰਗ ਕਰਦਾ ਹੈ।ਤੇਜ਼ ਅਤੇ ਸੰਵੇਦਨਸ਼ੀਲ ਨਿਆਂ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਲਈ ਕਾਨੂੰਨ ਲਾਗੂ ਕਰਨ, ਨਿਆਂਪਾਲਿਕਾ ਅਤੇ ਬਾਲ ਸੁਰੱਖਿਆ ਸੇਵਾਵਾਂ ਦੀ ਸਮਰੱਥਾ ਦਾ ਨਿਰਮਾਣ ਕਰਨਾ ਵੀ ਮਹੱਤਵਪੂਰਨ ਹੈ। ਜਿਨਸੀ ਸ਼ੋਸ਼ਣ ਦੇ ਇਸ ਮੁੱਦੇ ਨੂੰ ਹੱਲ ਕਰਨ ਲਈ ਪੁਲਿਸ, ਸਿਹਤ ਪੇਸ਼ੇਵਰਾਂ, ਮਾਨਸਿਕ ਸਿਹਤ ਮਾਹਿਰਾਂ, ਕਾਨੂੰਨੀ ਪੇਸ਼ੇਵਰਾਂ, ਅਤੇ ਬਾਲ ਵਿਕਾਸ ਮਾਹਿਰਾਂ ਸਮੇਤ ਵੱਖ-ਵੱਖ ਹਿੱਸੇਦਾਰਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਤਾਲਮੇਲ ਵਾਲ਼ੇ ਯਤਨ ਕੀਤੇ ਜਾਣੇ ਵੀ ਅਹਿਮ ਹਨ।
ਇਹ ਅਧਿਐਨ ਬਾਲ ਜਿਨਸੀ ਸ਼ੋਸ਼ਣ ਦੇ ਗੰਭੀਰ ਮੁੱਦੇ ਨਾਲ ਨਜਿੱਠਣ ਦੀ ਤੁਰੰਤ ਲੋੜ ਨੂੰ ਉਭਾਰਦਾ ਹੈ। ਇਸ ਨਾਲ਼ ਪੰਜਾਬ ਵਿੱਚ ਬਾਲ ਜਿਨਸੀ ਸ਼ੋਸ਼ਣ ਦਾ ਮੁਕਾਬਲਾ ਕਰਨ ਲਈ ਵਧੇਰੇ ਗਹਿਰਾਈ ਨਾਲ਼ ਖੋਜ ਕੀਤੇ ਜਾਣ ਅਤੇ ਪ੍ਰਭਾਵੀ ਨੀਤੀ ਬਣਾਉਣ ਦਾ ਰਾਹ ਪੱਧਰਾ ਹੋਣ ਦੀ ਉਮੀਦ ਹੈ। ਇਸ ਖੋਜ ਤੋਂ ਪ੍ਰਾਪਤ ਜਾਣਕਾਰੀ ਸੰਵੇਦਨਸ਼ੀਲ ਬੱਚਿਆਂ ਦੀ ਸੁਰੱਖਿਆ ਹਿਤ ਸਰਕਾਰੀ ਅਤੇ ਗ਼ੈਰ-ਸਰਕਾਰੀ ਯਤਨਾਂ ਨੂੰ ਸੂਚਿਤ ਕਰਨ ਅਤੇ ਉਹਨਾਂ ਨੂੰ ਲੋੜੀਂਦੀ ਦੇਖਭਾਲ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਵਡਮੁੱਲੀ ਹੋਵੇਗੀ।