ਕਪੂਰਥਲਾ, 30ਅਕਤੂਬਰ 2022 – ਕਪੂਰਥਲਾ ਜ਼ਿਲ੍ਹੇ ਦੇ ਪਿੰਡ ਢਪਈ ਵਿੱਚ ਮਾਰਚ 2014 ਵਿੱਚ ਜਾਗੋ ਕੱਢਣ ਨੂੰ ਲੈ ਕੇ ਹੋਏ ਝਗੜੇ ਵਿੱਚ ਇੱਕ ਵਿਅਕਤੀ ਦਾ ਕਤਲ ਅਤੇ ਦੋਵਾਂ ਧੜਿਆਂ ਦੇ ਕਈ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੇ ਮਾਮਲੇ ਵਿੱਚ ਕਪੂਰਥਲਾ ਦੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜਸਟਿਸ ਅਜਾਇਬ ਸਿੰਘ ਦੀ ਅਦਾਲਤ ਨੇ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਜਦਕਿ 10 ਨੂੰ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਜ਼ਾ ਅਤੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ‘ਚ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ‘ਤੇ ਕਰਾਸ ਪਰਚਾ ਕਰਵਾਇਆ ਗਿਆ ਸੀ, ਜਿਸ ‘ਚ 10 ਵਿਅਕਤੀਆਂ ਖਿਲਾਫ ਕਤਲ ਦਾ ਇਰਾਦਾ ਅਤੇ 6 ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਅੱਠ ਸਾਲ ਤੋਂ ਵੱਧ ਸਮਾਂ ਚੱਲਦਾ ਰਿਹਾ, ਜਿਸ ਦਾ ਫੈਸਲਾ ਵਧੀਕ ਸੈਸ਼ਨ ਜੱਜ ਅਜੈਬ ਸਿੰਘ ਨੇ ਸ਼ਨੀਵਾਰ ਨੂੰ ਸੁਣਾਇਆ।
ਇਸ ਮਾਮਲੇ ਅਨੁਸਾਰ ਅਮਰਜੀਤ ਸਿੰਘ ਪੁੱਤਰ ਸ਼ਰਮ ਸਿੰਘ ਆਪਣੇ ਭਤੀਜੇ ਕੁਲਦੀਪ ਸਿੰਘ ਨਾਲ 23 ਮਾਰਚ 2014 ਨੂੰ ਸ਼ਾਮ 5.30 ਵਜੇ ਖੇਤਾਂ ‘ਚ ਚਾਰਾ ਕੱਟਣ ਜਾ ਰਿਹਾ ਸੀ ਤਾਂ ਜਗਜੀਤ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਰਾਜਾ. ਪਵਨਦੀਪ ਸਿੰਘ, ਸਤਪਾਲ ਸਿੰਘ, ਜੈਜੀ, ਅੰਮ੍ਰਿਤਪਾਲ ਸਿੰਘ, ਪਰਮਜੀਤ ਸਿੰਘ, ਮੰਨਾ, ਸੁੱਖਾ, ਸੁਖਜੀਤ ਸਿੰਘ ਆਦਿ ਨੇ ਇਕੱਠੇ ਹੋ ਕੇ ਹਮਲਾ ਕਰ ਦਿੱਤਾ। ਇਸ ਕਾਰਨ ਉਸ ਦੇ ਕਾਫੀ ਸੱਟਾਂ ਲੱਗੀਆਂ ਜਦਕਿ ਕੁਲਦੀਪ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਮਾਮਲੇ ਵਿੱਚ ਜਗਜੀਤ ਸਿੰਘ, ਸੁਖਜੀਤ ਸਿੰਘ, ਪਰਮਜੀਤ ਸਿੰਘ, ਸੁਖਜੀਤ ਸਿੰਘ, ਸਤਪਾਲ ਸਿੰਘ ਅਤੇ ਹਰਪ੍ਰੀਤ ਸਿੰਘ ਨੂੰ ਉਮਰ ਕੈਦ ਅਤੇ 1-1 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਇਸ ਮਾਮਲੇ ਦੇ ਮੁਲਜ਼ਮ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਅੰਮ੍ਰਿਤਪਾਲ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਅਜੇ ਫਰਾਰ ਹਨ।
ਵਰਨਣਯੋਗ ਹੈ ਕਿ ਇਸ ਮੁਕੱਦਮੇ ਦੀ ਸੁਣਵਾਈ ਦੌਰਾਨ ਸ਼ਿਕਾਇਤਕਰਤਾ ਨੇ ਸ਼ਿਕਾਇਤ ਦੇ ਕੇ ਕਿਹਾ ਸੀ ਕਿ ਦਵਿੰਦਰ ਸਿੰਘ ਢਪਈ ਅਤੇ ਰਣਜੀਤ ਸਿੰਘ ਖੋਜੇਵਾਲ ਵੀ ਦੋਸ਼ੀ ਹਨ, ਉਨ੍ਹਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਅਰਜ਼ੀ ਪ੍ਰਵਾਨ ਕਰਦਿਆਂ ਦੋਵਾਂ ਨੂੰ ਇਸ ਕੇਸ ਵਿੱਚ ਸ਼ਾਮਲ ਕਰ ਲਿਆ ਸੀ, ਪਰ ਇਹਨਾਂ ਦੋਵਾਂ ਨੇ ਹਾਈ ਕੋਰਟ ਦਾ ਰੁਖ ਕੀਤਾ, ਜਿੱਥੇ ਹਾਈ ਕੋਰਟ ਨੇ ਢੈਪਈ ਅਤੇ ਖੋਜੇਵਾਲ ਦੋਵਾਂ ਨੂੰ ਬਰੀ ਕਰ ਦਿੱਤਾ ਸੀ।
ਉਧਰ ਦੂਜੇ ਪਾਸੇ ਪਿੰਡ ਢਪਈ ਦੇ ਵਸਨੀਕ ਸਤਨਾਮ ਸਿੰਘ, ਜਗਜੀਤ ਸਿੰਘ, ਜਸਕਰਨ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਉਰਫ਼ ਸੋਢੀ, ਹਰਨੇਕ ਸਿੰਘ, ਜਸਬੀਰ ਸਿੰਘ, ਬੂਟਾ ਸਿੰਘ, ਤਰਸੇਮ ਸਿੰਘ, ਹਰਜਿੰਦਰ ਸਿੰਘ ਸਮੇਤ ਕਈ ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਜਿਸ ‘ਚ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਰਾਦਾ ਕਤਲ ਤੋਂ ਇਲਾਵਾ ਧਾਰਾ 326 ਪੰਜ ਸਾਲ ਦੀ ਕੈਦ ਅਤੇ ਜੁਰਮਾਨਾ ਹੋਇਆ ਹੈ, ਇਹ ਸਭ ਇਕੱਠੇ ਚੱਲਣਗੇ।