ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸਕੂਲ ਹੈਲਥ ਤੇ ਵੈਲਨੈਸ ਪ੍ਰੋਗਰਾਮ ਦੀ ਸ਼ੁਰੂਆਤ

-ਡਾ. ਬਲਬੀਰ ਸਿੰਘ ਵੱਲੋਂ ਸਕੂਲ ਹੈਲਥ ਤੇ ਵੈਲਨੈਸ ਪ੍ਰੋਗਰਾਮ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਤੰਦਰੁਸਤ ਬਣਾਉਣ ਲਈ ਇਤਿਹਾਸਕ ਕਦਮ ਕਰਾਰ
-ਰਾਜ ਦੇ ਸਰਕਾਰੀ ਸਕੂਲਾਂ ਦੇ 30 ਲੱਖ ਵਿਦਿਆਰਥੀਆਂ ਦੀ ਵਿਆਪਕ ਸਿਹਤ ਜਾਂਚ ਕਰਵਾਈ ਜਾਵੇਗੀ-ਹਰਜੋਤ ਸਿੰਘ ਬੈਂਸ

ਪਟਿਆਲਾ, 4 ਦਸੰਬਰ 2023 – ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਇੱਕ ਇਤਿਹਾਸਕ ਕਦਮ ਪੁੱਟਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਆਯੂਸ਼ਮਾਨ ਭਾਰਤ ਸਕੂਲ ਹੈਲਥ ਐਂਡ ਵੈਲਨੈਸ ਪ੍ਰੋਗਰਾਮ ਜਾਰੀ ਕੀਤਾ। ਇੱਥੇ ਸਰਕਾਰੀ ਮੈਡੀਕਲ ਕਾਲਜ ਦੇ ਆਡੀਟੋਰੀਅਮ ਵਿਖੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਤੇ ਹਰਜੋਤ ਬੈਂਸ ਨੇ ਇਸ ਪ੍ਰੋਗਰਾਮ ਨੂੰ ਰਾਜ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿਹਤਮੰਦ ਬਣਾਉਣ ਲਈ ਇੱਕ ਨਵਾਂ ਮੀਲ ਪੱਥਰ ਕਰਾਰ ਦਿੱਤਾ।

ਡਾ. ਬਲਬੀਰ ਸਿੰਘ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ, ਜਿਸ ਨੇ ਜਿਸ ਨੇ ਸਿਹਤ ਅਤੇ ਸਿੱਖਆ ਨੂੰ ਆਪਣੀ ਪਹਿਲੀ ਤਰਜੀਹ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਮੋਗਾ ਤੇ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਚੁੱਕੀ ਹੈ, ਜਿੱਥੇ 850 ਤੋਂ ਵੱਧ ਸਿਹਤ ਅਤੇ ਤੰਦਰੁਸਤੀ ਰਾਜਦੂਤਾਂ ਨੂੰ ਸਿਖਲਾਈ ਦੇ ਕੇ ਵਿਦਿਆਰਥੀਆਂ ਦੀ ਸਿਹਤ ਨੂੰ ਮੋਨੀਟਰ ਕੀਤਾ ਜਾ ਰਿਹਾ ਹੈ। ਭਵਿੱਖ ਦੇ ਨਾਗਰਿਕਾਂ, ਵਿਦਿਆਰਥੀਆਂ ਦੀ ਨਰੋਈ ਸਿਹਤ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ, ਕਿ ‘ਪਟਿਆਲਾ ਵਿੱਚ ਸਕੂਲ ਹੈਲਥ ਤੇ ਵੈਲਨੈਸ ਪ੍ਰੋਗਰਾਮ ਦੀ ਸ਼ੁਰੂਆਤ ਇੱਕ ਕ੍ਰਾਂਤੀਕਾਰੀ ਤਬਦੀਲੀ ਦੀ ਨਿਸ਼ਾਨਦੇਹੀ ਕਰਦੀ ਹੈ ਕਿ ਸੂਬਾ ਸਰਕਾਰ ਸਮਾਜ ਦੀ ਭਲਾਈ ਨੂੰ ਕਿਵੇਂ ਸਮਝਦੀ ਹੈ। ਇਸ ਪ੍ਰੋਗਰਾਮ ਦੇ ਤਹਿਤ ਪਟਿਆਲਾ ਜ਼ਿਲ੍ਹੇ ਵਿੱਚ ਲਗਭਗ 752 ਸਿਹਤ ਤੇ ਤੰਦਰੁਸਤੀ ਰਾਜਦੂਤਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਟੰਟਿੰਗ ਅਤੇ ਭੁੱਖਮਰੀ ਸੂਚਕਾਂਕ ਵਿੱਚ ਭਾਰਤ 115ਵੇਂ ਸਥਾਨ ‘ਤੇ ਹੈ, ਇਹੀ ਕਾਰਨ ਹੈ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਕੇ ਇਸ ਰੁਝਾਨ ਨੂੰ ਉਲਟਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਡਾ. ਬਲਬੀਰ ਸਿੰਘ ਨੇ ਸਿਹਤ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਵਿੱਚ ਦਿੱਤੇ ਜਾ ਰਹੇ ਭੋਜਨ ਦੀ ਨਿਯਮਤ ਜਾਂਚ ਕੀਤੀ ਜਾਵੇ।ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਪੰਜਾਬ ਸਰਕਾਰ ਦੀ ਈਟ ਰਾਈਟ ਪਹਿਲਕਦਮੀ ਤਹਿਤ ਚੱਲ ਰਹੀਆਂ ਫੂਡ ਸੇਫਟੀ ਵੈਨਾਂ ਦੀ ਮਦਦ ਲੈਣ।

ਸਿਹਤ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਦੇ ਆਮ ਆਦਮੀ ਕਲੀਨਿਕ ਮਾਡਲ ਨੂੰ ਹਾਲ ਹੀ ਵਿੱਚ ਹੋਈ ਹੈਲਥ ਕਾਨਫ਼ਰੰਸ ਵਿੱਚ 85 ਦੇਸ਼ਾਂ ਵਿੱਚੋਂ ਸਭ ਤੋਂ ਵਧੀਆ ਸਿਹਤ ਮਾਡਲ ਵਜੋਂ ਸਨਮਾਨਿਤ ਕੀਤਾ ਗਿਆ ਹੈ ਅਤੇ ਸਰਕਾਰ ‘ਸੀਐਮ ਦੀ ਯੋਗਸ਼ਾਲਾ’ ਤਹਿਤ ਯੋਗ ਕੈਂਪਾਂ ਦੀ ਗਿਣਤੀ ਦੁੱਗਣੀ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 30 ਲੱਖ ਵਿਦਿਆਰਥੀਆਂ ਦੀ ਵਿਆਪਕ ਸਿਹਤ ਜਾਂਚ ਕਰਵਾਈ ਜਾਵੇਗੀ ਤਾਂ ਕਿ ਵਿਦਿਆਰਥੀਆਂ ਦੀ ਸਿਹਤ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਨਾਲ ਹੀ ਸਪੋਰਟਸ ਬੈਟਰੀ ਟੈਸਟ ਜਰੀਏ ਉਨ੍ਹਾਂ ਦੇ ਮੋਢਿਆਂ ਦੀ ਤਾਕਤ ਪਰਖਕੇ ਉਨ੍ਹਾਂ ਦੇ ਅੰਦਰ ਛੁਪੀ ਖੇਡਾਂ ਦੀ ਪ੍ਰਤਿਭਾ ਦੀ ਵੀ ਪਛਾਣ ਕੀਤੀ ਜਾਵੇਗੀ। ਹਰਜੋਤ ਸਿੰਘ ਬੈਂਸ ਨੇ ਇਸ ਪਹਿਲਕਦਮੀ ਲਈ ਸਿਹਤ ਵਿਭਾਗ ਨੂੰ ਵਧਾਈ ਦਿੰਦਿਆਂ ਇਸ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਐਮੀਨੈਂਸ ਸਕੂਲਾਂ ਨੇ ਸਿੱਖਿਆ ਕਰਾਂਤੀ ਲਿਆਂਦੀ ਹੈ ਅਤੇ ਸਿੱਖਿਆ ਸੁਧਾਰਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਪੰਜਾਬ ਸਰਕਾਰ ਇੱਕ ਮਿਸ਼ਨ ਬਣਾ ਕੇ ਚੱਲ ਰਹੀ ਹੈ।

ਇਸ ਮੌਕੇ ਦੋਵਾਂ ਮੰਤਰੀਆਂ ਨੇ ਸਕੂਲ ਹੈਲਥ ਐਂਡ ਵੈਲਨੈਸ ਦੇ 12 ਤਰ੍ਹਾਂ ਦੇ ਜਾਗਰੂਕਤਾ ਪੋਸਟਰ ਜਾਰੀ ਕੀਤੇ।ਸਮਾਰੋਹ ‘ਚ ਪੰਜਾਬ ਵਿਕਾਸ ਬੋਰਡ ਦੇ ਮੈਂਬਰ ਅਰੁਣ ਕੁੰਡੂ, ਡਾਇਰੈਕਟਰ ਪਰਿਵਾਰ ਭਲਾਈ ਡਾ ਹਿਤਿੰਦਰ ਕੌਰ, ਸਟੇਟ ਪ੍ਰੋਗਰਾਮ ਅਫ਼ਸਰ ਆਰ.ਬੀ.ਐਸ.ਕੇ. ਕਮ ਸਹਾਇਕ ਡਾਇਰੈਕਟਰ ਡਾ ਜਸਕਿਰਨਦੀਪ ਕੌਰ, ਆਈ.ਐਮ.ਏ ਪ੍ਰਧਾਨ ਡਾ ਭਗਵੰਤ ਸਿੰਘ, ਆਈ.ਏ.ਪੀ. ਦੇ ਪ੍ਰਧਾਨ ਡਾ ਰਵੀ ਬਾਂਸਲ, ਸਿਵਲ ਸਰਜਨ ਪਟਿਆਲਾ ਡਾ ਰਮਿੰਦਰ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਗੁਰਪ੍ਰੀਤ ਕੌਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਕਰਨਲ ਜੇ.ਵੀ. ਸਿੰਘ, ਬਲਵਿੰਦਰ ਸੈਣੀ, ਡਾ ਆਰ.ਪੀ.ਐਸ. ਸਿਬੀਆ, ਡਾ ਐਚ.ਐਸ. ਰੇਖੀ, ਜ਼ਿਲ੍ਹਾ ਸਿੱਖਿਆ ਅਫ਼ਸਰ ਹਰਿੰਦਰ ਕੌਰ ਸਮੇਤ ਹੋਰ ਪਤਵੰਤੇ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਜੀਠੀਆ ਅਤੇ ਵਲਟੋਹਾ ਨੂੰ ਜੇਲ੍ਹ ‘ਚ ਰਾਜੋਆਣਾ ਨਾਲ ਨਹੀਂ ਕਰਨ ਦਿੱਤੀ ਮੁਲਾਕਾਤ, ਰੋਕਣਾ ਪੰਜਾਬ ਸਰਕਾਰ ਦਾ ਤਾਨਾਸ਼ਾਹੀ ਰਵੱਈਆ – SGPC ਪ੍ਰਧਾਨ

ਬਿਕਰਮ ਮਜੀਠੀਆ ਪਟਿਆਲਾ ਜੇਲ੍ਹ ਵਿਚ ਸਿਰਫ ਡਰਾਮਾ ਕਰਨ ਗਏ ਸਨ, ਉਨ੍ਹਾਂ ਦਾ ਮਕਸਦ ਬੰਦੀ ਸਿੰਘਾਂ ਨੂੰ ਮਿਲਣਾ ਨਹੀਂ ਸੀ – ਮਲਵਿੰਦਰ ਕੰਗ