ਬਠਿੰਡਾ, 18 ਫਰਵਰੀ2025 : ਬਠਿੰਡਾ ਜ਼ਿਲ੍ਹੇ ਵਿੱਚ ਗੋਨਿਆਣਾ ਜੈਤੋ ਮੁੱਖ ਸੜਕ ਤੇ ਲੁਟੇਰਿਆਂ ਵੱਲੋਂ ਕਾਰ ਸਵਾਰ ਪਤੀ ਪਤਨੀ ਤੋਂ ਤਕਰੀਬਨ 26 ਤੋਲੇ ਸੋਨੇ ਦੇ ਗਹਿਣੇ ਲੁੱਟਣ ਦਾ ਮਾਮਲਾ ਬੇਬੁਨਿਆਦ ਅਤੇ ਝੂਠਾ ਨਿਕਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਪਤੀ ਪਤਨੀ ਨੇ ਲੁੱਟ ਦੀ ਕਹਾਣੀ ਝੂਠੀ ਘੜੀ ਸੀ ਪਰ ਪੁਲਿਸ ਦੀਆਂ ਜਾਂਚ ਟੀਮਾਂ ਅੱਗੇ ਉਨ੍ਹਾਂ ਦੀ ਇਹ ਚੁਸਤੀ ਜਿਆਦਾ ਦੇਰ ਚੱਲ ਨਾ ਸਕੀ। ਸੂਤਰ ਦੱਸਦੇ ਹਨ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਸੰਬੰਧਿਤ ਪਤੀ ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਹਾਲੇ ਅਧਿਕਾਰੀ ਪੁਸ਼ਟੀ ਨਹੀਂ ਕਰ ਰਹੇ ਹਨ। ਐਸਐਸਪੀ ਬਠਿੰਡਾ ਅਮਨੀਤ ਕੌਂਡਲ ਵੱਲੋਂ ਅੱਜ ਇੱਕ ਹੰਗਾਮੀ ਪ੍ਰੈੱਸ ਕਾਨਫਰੰਸ ਸੱਦੀ ਗਈ ਹੈ ਜਿਸ ਦੌਰਾਨ ਉਹ ਇਸ ਮਾਮਲੇ ਤੋਂ ਪਰਦਾ ਚੁੱਕਣਗੇ। ਐਸਐਸਪੀ ਇਹ ਵੀ ਜਾਣਕਾਰੀ ਦੇਣਗੇ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਹੈ। ਜਦੋਂ ਪੁਲਿਸ ਨੂੰ ਇਹ ਸੂਚਨਾ ਮਿਲੀ ਤਾਂ ਐਸਐਸਪੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਆਧਾਰ ਤੇ ਸੀਆਈਏ ਸਟਾਫ ਅਤੇ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਸੀ।
ਗੌਰਤਲਬ ਹੈ ਕਿ ਇਹ ਘਟਨਾ ਪੀੜਤ ਰਜਿੰਦਰ ਕੌਰ ਪਤਨੀ ਸਾਹਿਬ ਸਿੰਘ ਵਾਸੀ ਪਿੰਡ ਚੱਕ ਬਖਤੂ ਨਾਲ ਵਾਪਰੀ ਸੀ ਜਿਨ੍ਹਾਂ ਨੇ ਅੱਜ ਕੱਲ੍ਹ ਆਸਟਰੇਲੀਆ ਵਿਖੇ ਰਹਿਣ ਦੀ ਗੱਲ ਆਖੀ ਸੀ।ਪਤੀ ਪਤਨੀ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਨੇੜਲੇ ਪਿੰਡ ਕੋਠੇ ਨੱਥਾ ਸਿੰਘ ਵਾਲਾ ਵਿਖੇ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਜਾਗੋ ਪ੍ਰੋਗਰਾਮ ਤੋਂ ਵਾਪਸ ਆਪਣੇ ਪਿੰਡ ਚੱਕ ਬਖਤੂ ਵਾਲਾ ਵਿਖੇ ਜਾ ਰਹੇ ਸਨ। ਜਦੋਂ ਉਹ ਕਰੀਬ ਰਾਤ 12.15ਵਜੇ ਜੈਤੋ ਰੋਡ ਤੋਂ ਪੈਟਰੋਲ ਪੰਪ ਲੰਘੇ ਤਾਂ ਉਹਨਾਂ ਦੇ ਲੜਕੇ ਨੂੰ ਉਲਟੀ ਆਉਣ ਵਰਗਾ ਮਹਿਸੂਸ ਹੋਇਆ। ਇਸੇ ਦੌਰਾਨ ਜਦੋਂ ਉਹਨਾਂ ਨੇ ਕਾਰ ਰੋਕੀ ਤਾਂ ਪਿੱਛੋਂ ਆ ਰਹੀ ਆਰਟੀਗਾ ਕਾਰ ਤੇ ਸਵਾਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਆਪਣੀ ਕਾਰ ਉਨ੍ਹਾਂ ਦੀ ਗੱਡੀ ਅੱਗੇ ਲਗਾ ਲਈ। ਉਨਾਂ ਦੱਸਿਆ ਕਿ ਲੁਟੇਰਿਆਂ ਵਿੱਚ ਸ਼ਾਮਿਲ 3 ਨੌਜਵਾਨਾਂ ਨੇ ਰਿਵਾਲਵਰ ਅਤੇ ਬਾਕੀਆਂ ਨੇ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਕੁੱਟਮਾਰ ਕਰਨ ਉਪਰੰਤ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਫਰਾਰ ਹੋ ਗਏ ਸਨ।ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਇਸ ਮਾਮਲੇ ਦੀ ਜਲਦੀ ਗੁੱਤੀ ਸੁਲਝਾਉਣ ਦਾ ਦਾਅਵਾ ਕੀਤਾ ਸੀ ਜੋ ਉਹਨਾਂ ਪੂਰਾ ਕਰ ਦਿਖਾਇਆ ਹੈ। ਇਸ ਸਬੰਧ ਵਿੱਚ ਬਾਕੀ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

