ਗੁਰਦਾਸਪੁਰ 28 ਮਈ 2024 – ਬਟਾਲਾ ਦੇ ਕਾਂਗਰਸੀ ਮੇਅਰ ਸੁਖਦੀਪ ਸਿੰਘ ਤੇਜਾ ਅਤੇ ਕਾਂਗਰਸ ਪਾਰਟੀ ਨਾਲ ਹੀ ਸੰਬੰਧਿਤ ਸ਼ਰਾਬ ਕਾਰੋਬਾਰੀ ਰਾਜਿੰਦਰ ਕੁਮਾਰ ਪੱਪੂ ਜੈੰਤੀਪੁਰੀਆ ਸਮੇਤ ਵੱਖ ਵੱਖ ਕਾਂਗਰਸੀ ਆਗੂਆਂ ਦੇ ਠਿਕਾਣਿਆਂ ਵਿੱਚ ਪਿਛਲੇ ਕਰੀਬ 65 ਘੰਟੇ ਤੋਂ ਚਲ ਰਹੀ ਇਨਕਮ ਟੈਕਸ ਦੀ ਰੇਡ ਬੀਤੀ ਦੇਰ ਰਾਤ ਖਤਮ ਹੋ ਗਈ ਹੈ। ਭਾਰੀ ਪੁਲਿਸ ਅਤੇ ਪੈਰਾਮਿਲਟਰੀ ਫੋਰਸਿਸ ਨਾਲ ਰੇਡ ਕਰਨ ਆਏ ਅਧਿਕਾਰੀ ਦੇਰ ਰਾਤ ਵਾਪਸ ਪਰਤ ਗਏ।
ਹਾਲਾਂਕਿ ਇਸ ਦੌਰਾਨ ਪੱਤਰਕਾਰਾਂ ਨੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕੈਮਰੇ ਸਾਹਮਣੇ ਕੋਈ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੋਇਆ ਤੇ ਨਾ ਹੀ ਰੇਡ ਦੇ ਨਤੀਜਿਆਂ ਬਾਰੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦਾ ਹੋਰ ਕੋਈ ਖੁਲਾਸਾ ਕੀਤਾ ਗਿਆ ਹੈ।
ਦੂਜੇ ਪਾਸੇ ਰੇਡ ਖਤਮ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਸੁਖਦੀਪ ਸਿੰਘ ਤੇਜਾ ਨੇ ਕਿਹਾ ਕਿ ਇਹ ਛਾਪੇਮਾਰੀ ਉਨ੍ਹਾਂ ਦਾ ਚੋਣਾਂ ਦੌਰਾਨ ਸਮਾਂ ਬਰਬਾਦ ਕਰਨ ਲਈ ਕੀਤੀ ਗਈ ਹੈ ਤਾਂ ਜੋ ਉਹ ਕਾਂਗਰਸ ਪਾਰਟੀ ਦੇ ਉਦੇਦਾਰ ਆਪਣੇ ਉਮੀਦਵਾਰ ਦੇ ਹੱਕ ਵਿੱਚ ਠੀਕ ਢੰਗ ਨਾਲ ਪ੍ਰਚਾਰ ਨਾ ਕਰ ਸਕਣ। ਤੇਜਾ ਨੇ ਦਾਵਾ ਕੀਤਾ ਹੈ ਕਿ ਆਮਦਨ ਕਰ ਅਧਿਕਾਰੀਆਂ ਨੂੰ ਘਰ ਦੇ ਅੰਦਰੋਂ ਕੁਝ ਨਹੀਂ ਮਿਲਿਆ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਇਨਕਮ ਟੈਕਸ ਅਧਿਕਾਰੀ ਨਾ ਹੀ ਉਹਨਾਂ ਦੇ ਘਰ ਵਿੱਚੋਂ ਕੋਈ ਕਾਗਜ਼ ਪੱਤਰ ਲੈ ਕੇ ਗਏ ਹਨ ਅਤੇ ਨਾ ਹੀ ਕੋਈ ਕੈਸ਼ ਜਾਂ ਹੋਰ ਸਮਾਨ ਉਹਨਾਂ ਨੂੰ ਬਰਾਮਦ ਹੋਇਆ ਹੈ। ਉਹਨਾਂ ਵੱਲੋਂ ਅਧਿਕਾਰੀਆਂ ਵੱਲੋਂ ਪੁੱਛੇ ਗਏ ਹਰ ਸਵਾਲ ਦਾ ਜਵਾਬ ਦਿੱਤਾ ਗਿਆ।