ਪਠਾਨਕੋਟ, 28 ਅਕਤੂਬਰ 2022 – ਇਨਕਮ ਟੈਕਸ ਦੀ ਟੀਮ ਨੇ ਸ਼ੁੱਕਰਵਾਰ ਸਵੇਰੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਰਿਹਾਇਸ਼ ਅਤੇ ਉਨ੍ਹਾਂ ਦੇ ਕਰੀਬੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸਵੇਰੇ ਟੀਮ ਜੋਗਿੰਦਰ ਪਾਲ ਦੇ ਘਰ ਪਹੁੰਚੀ। ਟੀਮ ਨੇ ਉਸ ਦੀ ਰਿਹਾਇਸ਼ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ, ਤਾਂ ਜੋ ਕੋਈ ਅੰਦਰ-ਬਾਹਰ ਨਾ ਜਾ ਸਕੇ।
ਟੀਮ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਜਾਣਕਾਰੀ ਲੈ ਰਹੀ ਹੈ। ਫਿਲਹਾਲ ਟੀਮ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਇਸ ਤੋਂ ਇਲਾਵਾ ਟੀਮ ਨੇ ਸਰਪੰਚ ਰਜਿੰਦਰ ਸਿੰਘ ਭੀਲਾ ਦੇ ਨਜ਼ਦੀਕੀ ਪਿੰਡ ਸ਼ੁਮਾਰ ਦੇ ਪਿੰਡ ਬੰਨੀ ਲੋਧੀ ਦੇ ਘਰ ਵੀ ਛਾਪੇਮਾਰੀ ਕੀਤੀ ਹੈ।
ਵਿਭਾਗ ਦੀ ਟੀਮ ਨੇ ਪਿੰਡ ਪੰਮਾ ਦੇ ਜੋਗਿੰਦਰ ਪਾਲ ਦੇ ਕਰੀਬੀ ਆਗੂ ਅਤੇ ਸੁਜਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਵੀ ਛਾਪਾ ਮਾਰਿਆ। ਪੰਮਾ ਵਿੱਚ ਸਤੀਸ਼ ਕੁਮਾਰ ਉਰਫ਼ ਜੱਟ ਦੇ ਘਰ ਸਵੇਰੇ 6 ਵਜੇ ਛਾਪਾ ਮਾਰਿਆ ਗਿਆ, ਜਦੋਂ ਕਿ ਇੱਕ ਹੋਰ ਟੀਮ ਨੇ ਸੁਜਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਅੱਠ ਵਜੇ ਦੇ ਕਰੀਬ ਛਾਪਾ ਮਾਰਿਆ।
ਇਸ ਤੋਂ ਇਲਾਵਾ ਇਨਕਮ ਟੈਕਸ ਦੀਆਂ ਟੀਮਾਂ ਨੇ ਮਾਮੂਨ ਅਤੇ ਪਿੰਡ ਬੰਨੀ ਲੋਧੀ ਵਿਖੇ ਕਾਂਗਰਸੀ ਆਗੂਆਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਹੈ।ਇਸ ਦੌਰਾਨ ਮੀਡੀਆ ਕਰਮੀਆਂ ਨੇ ਟੀਮ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਟੀਮ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਛਾਪੇਮਾਰੀ ਕਿਉਂ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਜੋਗਿੰਦਰ ਪਾਲ ‘ਤੇ ਵੀ ਨਾਜਾਇਜ਼ ਮਾਈਨਿੰਗ ਦੇ ਦੋਸ਼ ਲੱਗੇ ਸਨ। ਉਸ ਨੂੰ ਇਸ ਸਾਲ ਦੇ ਸ਼ੁਰੂ ਵਿਚ ਇਸ ਮਾਮਲੇ ਵਿਚ ਗ੍ਰਿਫਤਾਰ ਵੀ ਕੀਤਾ ਗਿਆ ਸੀ। ਇਸ ਦੌਰਾਨ ਉਹ ਬੀਮਾਰ ਹੋ ਗਿਆ। ਉਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ। ਉਸ ਖ਼ਿਲਾਫ਼ ਤਾਰਾਗੜ੍ਹ ਥਾਣੇ ਵਿੱਚ ਨਾਜਾਇਜ਼ ਮਾਈਨਿੰਗ ਦਾ ਪਰਚਾ ਦਰਜ ਹੈ।