- ਖੇਤਾਂ ਅੰਦਰੋਂ ਤੂੜੀ ਦੀ ਘਟ ਮਾਤਰਾ ਕਾਰਨ ਟਰਾਲੀ 4 ਹਜ਼ਾਰ ਨੂੰ ਪਹੁੰਚੀ
ਮਲੇਰਕੋਟਲਾ, 29 ਅਪ੍ਰੈਲ 2023 – ਪਿਛਲੇ ਦਿਨੀਂ ਪੰਜਾਬ ਦੀ ਕਿਸਾਨੀ ਦੇ ਵਿਹੜੇ ਕਹਿਰ ਬਣ ਕੇ ਡਿੱਗੀ ‘ਕੁਦਰਤੀ ਕਰੋਪੀ ਦਾ ਸੇਕ’ ਕਿਸਾਨ ਦੇ ਨਾਲ-ਨਾਲ ਗਰੀਬ ਮਜ਼ਦੂਰ ਵਰਗ ਨੂੰ ਵੀ ਝੱਲਣਾ ਪੈ ਰਿਹਾ ਹੈ, ਕਿਉਕਿ ਤੇਜ਼ ਹਨ੍ਹੇਰੀ ਅਤੇ ਭਾਰੀ ਬਾਰਸ਼ਾਂ ਦੇ ਕਾਰਨ ਕਣਕ ਦੀ ਫ਼ਸਲ ਦੇ ਧਰਤੀ ਤੇ ਡਿੱਗ ਕੇ ਬੁਰੀ ਤਰ੍ਹਾਂ ਖਰਾਬ ਹੋਣ ਕਾਰਨ ਖੇਤਾਂ ਅੰਦਰੋਂ ਤੂੜੀ ਦੀ ਘਟ ਰਹੀ ਮਾਤਰਾ ਨੇ ਤੂੜੀ ਦਾ ਭਾਅ ਸੱਤਵੇਂ ਅਸਮਾਨ ਨੂੰ ਚਾੜ੍ਹ ਦਿੱਤਾ ਹੈ।
ਆਮ ਤੌਰ ਤੇ ਜੇਕਰ ਪ੍ਰਤੀ ਏਕੜ ਤੂੜੀ ਦੀ ਟਰਾਲੀ ਦੀ ਗੱਲ ਕਰੀਏ ਤਾਂ 1 ਏਕੜ ਦੇ ਵਿੱਚੋਂ 2 ਤੋਂ 3 ਦੇ ਕਰੀਬ ਟਰਾਲੀਆਂ ਤੂੜੀ ਦੀਆਂ ਬਣਦੀਆਂ ਹਨ ਅਤੇ ਇੱਕ ਟਰਾਲੀ ਵਿੱਚ ਔਸਤਨ 6 ਤੋਂ 8 ਕੁਇੰਟਲ ਤੂੜੀ ਦੇ ਪੈਂਦੇ ਹਨ। ਜੇਕਰ ਮੌਜੂਦਾ ਸਮੇਂ ਵੀ ਤੂੜੀ ਦਾ ਭਾਅ ਪ੍ਰਤੀ ਕੁਇੰਟਲ 600 ਰੁਪਏ ਹੈ ਤਾਂ ਅਗਲੇ ਸਮੇਂ ਨੂੰ ਕੀ ਹੋਵੇਗਾ ਕਹਿਣ ਦੀ ਲੋੜ ਨਹੀਂ। ਬਾਕੀ ਕਣਕ ਦੇ ਹਲਕੀ ਜਾਂ ਭਾਰੀ ਹੋਣ ਕਾਰਨ ਤੂੜੀ ਦੀ ਮਾਤਰਾ ਵੱਧ ਘੱਟ ਵੀ ਜਾਂਦੀ ਹੈ।
ਪਰ ਇਸ ਵਾਰ ਬਹੁਤ ਇਲਾਕਿਆਂ ਅੰਦਰ ਮੌਸਮ ਦੀ ਖ਼ਰਾਬੀ ਤੋਂ ਬਾਅਦ ਪ੍ਰਤੀ ਏਕੜ ਬਣਨ ਵਾਲੀ ਤੂੜੀ ਮਹਿਜ਼ 2 ਟਰਾਲੀਆਂ ਤੋਂ ਵੀ ਘਟ ਚੁੱਕੀ ਹੈ ਜਿਸ ਕਰਕੇ ਤੂੜੀ ਦਾ ਭਾਅ ਵਧਣਾ ਲਾਜ਼ਮੀ ਹੈ। ਭਾਵੇਂ ਬਹੁਤ ਸਾਰੇ ਵੱਡੇ ਕਿਸਾਨਾਂ ਵੱਲੋਂ ਤੂੜੀ ਦੇ ਵਧੇ ਭਾਅ ਨੂੰ ਵੇਖਦਿਆਂ ਆਪਣੇ ਕੋਠੇ ਨੱਕੋ-ਨੱਕ ਭਰ ਲਏ ਹਨ ਪਰ ਛੋਟੇ ਕਿਸਾਨਾਂ ਦੇ ਆਪਣੇ ਖੇਤਾਂ ਅੰਦਰੋਂ ਬਣਨ ਵਾਲੀ ਤੂੜੀ ਕੇਵਲ ਆਪਣੇ ਜੋਗੀ ਹੀ ਹੈ।
ਇਸ ਸਾਰੇ ਵਰਤਾਰੇ ਦੌਰਾਨ ਭਾਵੇਂ ਛੋਟੇ ਕਿਸਾਨਾਂ ਵੱਲੋਂ ਵੀ ਆਪਣੇ ਪਸ਼ੂਆਂ ਲਈ ਤੂੜੀ ਦਾ ਪ੍ਰਬੰਧ ਤਾਂ ਕਰ ਲਿਆ ਹੈ ਪਰ ਬਹੁਤ ਸਾਰੇ ਖੇਤਰਾਂ ਅੰਦਰ ਕਈ ਛੋਟੇ ਕਿਸਾਨਾਂ ਦੇ ਨਾਲ ਗਰੀਬ ਮਜ਼ਦੂਰ ਵਰਗ ਲਈ ਤੂੜੀ ਦਾ ਪ੍ਰਬੰਧ ਕਿਵੇਂ ਹੋਵੇਗਾ ਇਹ ਸੁਆਲ ਵੱਡਾ ਹੈ। ਇਸ ਬੇਹੱਦ ਮੁਸ਼ਕਲ ਭਰੇ ਦੌਰ ਅੰਦਰ ਮਜ਼ਦੂਰ ਵਰਗ ਦੀਆਂ ਖੁਰਲੀਆਂ ਤੂੜੀ ਬਾਝੋ ਸੁੰਨੀਆਂ ਨਜ਼ਰ ਆਉਂਦੀਆਂ ਹਨ ਅਤੇ ਉਹ ਪਸ਼ੂ ਵੇਚਣ ਲਈ ਮਜਬੂਰ ਹਨ ਕਿਉਂਕੇ ਤੂੜੀ ਦਾ ਭਾਅ ਉਨ੍ਹਾਂ ਦੇ ਵਸੋਂ ਬਾਹਰ ਹੋ ਚੁੱਕਾ ਹੈ।
ਕਿਸਾਨ ਵਰਗ ਦਾ ਆਖਣਾ ਹੈ ਕਿ ਕੁਦਰਤੀ ਕਰੋਪੀ ਦੇ ਕਾਰਨ ਕਈ ਥਾਵਾਂ ਤੇ ਕਣਕ ਦਾ ਝਾੜ ਤਾਂ ਭਾਵੇਂ ਬਹੁਤ ਜਿਆਦਾ ਨਹੀਂ ਘਟਿਆ ਪਰ ਤੂੜੀ ਦੀ ਮਾਤਰਾ ਤਾਂ ਪ੍ਰਤੀ ਏਕੜ ਸਾਰੇ ਪੰਜਾਬ ਅੰਦਰ ਬਹੁਤ ਜ਼ਿਆਦਾ ਘਟ ਚੁੱਕੀ ਹੈ, ਜਿਸ ਦੇ ਚੱਲਦਿਆਂ ਤੂੜੀ ਦੇ ਭਾਅ ਨੇ ਤੇਜ਼ੀ ਫੜੀ ਹੈ। ਕਈ ਥਾਵਾਂ ਤੇ ਗਰੀਬ ਮਜ਼ਦੂਰ ਵਰਗ ਦੇ ਲੋਕਾਂ ਨੇ ਭਾਵੁਕ ਹੁੰਦਿਆਂ ਆਖਿਆ ਕਿ ਤੂੜੀ ਦੇ ਵਧੇ ਭਾਅ ਦੇ ਕਾਰਨ ਹੁਣ ਉਹ ਸਾਰਾ ਸਾਲ ਪਸ਼ੂਆਂ ਦੇ ਸਿਰ ਤੇ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪੇਟ ਨਹੀਂ ਪਾਲ ਸਕਣਗੇ। ਉਨ੍ਹਾਂ ਕਿਹਾ ਕਿ ਜੇਕਰ ਉਹ ਇੰਨੇ ਮਹਿੰਗੇ ਮੁੱਲ ਦੀ ਤੂੜੀ ਪਾ ਕੇ ਪਸ਼ੂਆਂ ਦਾ ਕਾਰੋਬਾਰ ਕਰਦੇ ਹਨ ਤਾਂ ਉਨ੍ਹਾਂ ਨੂੰ ਇੱਕ ਵੀ ਧੇਲਾ ਮੁਨਾਫ਼ੇ ਦਾ ਨਹੀਂ ਹੋਵੇਗਾ ਇਸ ਲਈ ਉਹ ਇਸ ਵਰ੍ਹੇ ਪਸ਼ੂਆਂ ਨੂੰ ਵੇਚਣ ਲਈ ਮਜਬੂਰ ਹਨ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ ਕਿਸੇ ਹੋਰ ਕੰਮ ਨੂੰ ਕਰਨ ਲਈ ਤਰਜੀਹ ਦੇਣਗੇ ।
ਇਸ ਸਬੰਧੀ ਕਿਸਾਨ ਵਰਗ ਦਾ ਆਪਣਾ ਤਰਕ ਹੈ ਕਿ ਪਹਿਲਾਂ ਹੀ ਕਰਜ਼ੇ ਦੀ ਦਲਦਲ ਵਿੱਚ ਧਸੀ ਕਿਸਾਨੀ ਦਾ ਕੁਦਰਤੀ ਮਾਰਾਂ ਨੇ ਬਹੁਤ ਨੁਕਸਾਨ ਕੀਤਾ ਹੈ ਅਤੇ ਹੁਣ ਤੂੜੀ ਦੇ ਵਧੇ ਭਾਅ ਕਿਸਾਨੀ ਦੇ ਹੇਠਲੇ ਵਰਗ ਨੂੰ ਇਕ ਮੌਕੇ ਕੁਝ ਹੁਲਾਰਾ ਜਰੂਰ ਦੇਣਗੇ ਪਰ ਜੇਕਰ ਤੂੜੀ ਬਣਾਉਣ ਲਈ ਆ ਰਹੇ ਖਰਚੇ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਆਖਣਾ ਸੀ ਕਿ ਪ੍ਰਤੀ ਟਰਾਲੀ ਲੱਗਭੱਗ 1300 ਰੁਪਈਏ ਖਰਚਣ ਤੋਂ ਬਾਅਦ ਉਨ੍ਹਾਂ ਨੂੰ ਵੀ ਕੁਝ ਬਚਦਾ ਵਿਖਾਈ ਨਹੀਂ ਦੇ ਰਿਹਾ । ਕੁਝ ਵੀ ਹੋਵੇ ਤੂੜੀ ਦੇ ਵਧੇ ਭਾਅ ਪਹੁੰਚ ਤੋਂ ਦੂਰ ਹੋਣ ਕਾਰਨ ਗ਼ਰੀਬ ਮਜਦੂਰ ਵਰਗ ਦੇ ਵੇਹੜੇ ਅੰਦਰ ਛਾਈ ਖ਼ਮੋਸ਼ੀ ‘ਇਕ ਦਰਦ ਭਰੀ ਦਾਸਤਾਨ’ ਜ਼ਰੂਰ ਬਿਆਨ ਕਰਦੀ ਹੈ।