ਸੰਗਰੂਰ, 27 ਅਪ੍ਰੈਲ 2024 – ਸੰਗਰੂਰ ਵਿੱਚ ਭਟੂਰੇ ਬਹੁਤ ਮਹਿੰਗੇ ਹੋ ਗਏ ਇਸ ਲਈ ਉਥੋਂ ਦੇ ਇੱਕ ਵਿਅਕਤੀ ਵੱਲੋਂ ਡੀਸੀ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਹੈ, ਕਿ ਭਟੂਰੇ ਮਹਿੰਗੇ ਹੋਣ ਹੋਣ ਕਾਰਨ ਸਾਡੇ ਗਰੀਬਾਂ ਦੇ ਵੱਸ ਤੋਂ ਬਾਹਰ ਹੋ ਗਏ, ਜਿਸ ਦੀ ਇਹ ਸ਼ਿਕਾਇਤ ਡਿਪਟੀ ਕਮਿਸ਼ਨਰ ਤੱਕ ਪਹੁੰਚੀ ਅਤੇ ਪਹਿਲਾਂ ਤਾਂ ਡੀਸੀ ਖੁਦ ਹੈਰਾਨ ਅਤੇ ਪਰੇਸ਼ਾਨ ਹੋਏ, ਪਰ ਨਿਯਮਾਂ ਅਨੁਸਾਰ ਪੂਰੇ ਮਾਮਲੇ ਨੂੰ ਘੋਖ ਕੇ ਕਾਰਵਾਈ ਲਈ ਐਸਡੀਐਮ ਕੋਲ ਭੇਜ ਦਿੱਤਾ। ਹੁਣ ਇਸ ਮਾਮਲੇ ਵਿੱਚ ਐਸਡੀਐਮ ਸੰਗਰੂਰ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਅਸਲ ‘ਚ ਸੰਗਰੂਰ ਦੇ ਕਰਤਾਰਪੁਰਾ ਦੇ ਰਹਿਣ ਵਾਲੇ ਦਿਹਾੜੀਦਾਰ ਬਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਹ ਦਿਹਾੜੀਦਾਰ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਦਾ ਹੈ ਅਤੇ ਆਮ ਤੌਰ ‘ਤੇ ਸ਼ਹਿਰ ਦੇ ਕੋਲਾ ਪਾਰਕ ਮਾਰਕੀਟ ਵਿੱਚ ਇੱਕ ਰੇਹੜੀ ਵਾਲੇ ਤੋਂ ਛੋਲੇ ਭਟੂਰੇ ਖਾਂਦਾ ਹੈ ਪਰ ਕੁਝ ਕੁਝ ਸਮਾਂ ਪਹਿਲਾਂ ਰੇਹੜੀ ਵਾਲਿਆਂ ਨੇ ਭਟੂਰੇ ਛੋਲੇ ਦਾ ਰੇਟ 20 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤਾ ਸੀ ਅਤੇ ਹੁਣ ਭਟੂਰੇ ਛੋਲੇ ਦਾ ਰੇਟ 40 ਰੁਪਏ ਕਰ ਦਿੱਤਾ ਗਿਆ ਹੈ। ਇਹ ਬਿਲਕੁਲ ਨਜਾਇਜ਼ ਹੈ ਅਤੇ ਕੋਈ ਗਰੀਬ ਬੰਦਾ ਇੰਨਾ ਮਹਿੰਗਾ ਭਟੂਰਾ ਛੋਲਾ ਕਿਵੇਂ ਖਾ ਸਕਦਾ ਹੈ। ਇਹ ਗਰੀਬ ਲੋਕਾਂ ਦੀ ਸ਼ਰੇਆਮ ਲੁੱਟ ਹੈ ਜਿਸ ਨੂੰ ਰੋਕਿਆ ਜਾਣਾ ਚਾਹੀਦਾ ਹੈ।
ਰੇਟ ਵਧਾਉਣ ਦੇ ਕਾਰਨ ਹੁਣ ਉਹ ਭਟੂਰੇ ਛੋਲੇ ਵੀ ਨਹੀਂ ਖਾ ਪਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ਸਬੰਧੀ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਮੁੜ ਭਟੂਰੇ ਛੋਲੇ ਦੇ ਰੇਟ ਘਟਾਉਣ ਦੀ ਮੰਗ ਕੀਤੀ ਹੈ ਅਤੇ ਭਵਿੱਖ ਵਿੱਚ ਇਹ ਰੇਟ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਹੀ ਤੈਅ ਕੀਤਾ ਜਾਣਾ ਚਾਹੀਦਾ ਹੈ।
ਉੱਥੇ ਹੀ ਇਸ ਮਾਮਲੇ ‘ਚ ਸੰਗਰੂਰ ਦੇ ਐਸ.ਡੀ.ਐਮ ਚਰਨਜੋਤ ਸਿੰਘ ਵਾਲੀਆ ਨੇ ਕਿਹਾ ਕਿ ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ ਅਤੇ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਇਹ ਸ਼ਿਕਾਇਤ ਡਿਪਟੀ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਭੇਜੀ ਗਈ ਹੈ, ਇਸ ਲਈ ਪੂਰੇ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ।