ਭਾਰਤੀ ਫ਼ੌਜ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਵਾਲਾ ਬਿਆਨ ਹੈਰਾਨੀਜਨਕ – ਮੁੱਖ ਗ੍ਰੰਥੀ

  • ਐਡਵੋਕੇਟ ਧਾਮੀ ਨੇ ਵੀ ਕਿਹਾ, ਪ੍ਰਬੰਧਕੀ ਤੌਰ ’ਤੇ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ, ਨਾ ਹੀ ਅਜਿਹਾ ਕੁਝ ਵਾਪਰਿਆ

ਅੰਮ੍ਰਿਤਸਰ, 20 ਮਈ 2025 – ਬੀਤੇ ਕੱਲ੍ਹ ਭਾਰਤੀ ਫ਼ੌਜ ਦੇ ਲੈਫ਼ਟੀਨੈਂਟ ਜਨਰਲ ਸੁਮੇਰ ਇਵਾਨ ਵੱਲੋਂ ਇੱਕ ਚੈਨਲ ਨਾਲ ਇੰਟਰਵੀਊ ਦੌਰਾਨ ਹਾਲੀਆ ਭਾਰਤ ਪਾਕਿਸਤਾਨ ਤਣਾਅ ਵਿਚਕਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਫੌਜ ਦੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕੀਤੇ ਗਏ ਦਾਅਵੇ ਨੂੰ ਮੂਲੋਂ ਰੱਦ ਕਰਦਿਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਨੇ ਇਸ ਨੂੰ ਹੈਰਾਨੀਜਨਕ ਕਰਾਰ ਦਿੱਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਬੀਤੇ ਦਿਨੀਂ ਅੰਮ੍ਰਿਤਸਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਬਲੈਕਆਊਟ ਸਬੰਧੀ ਕੀਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਹਿਯੋਗ ਕੀਤਾ ਗਿਆ, ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੂਹ ਦੀਆਂ ਬਾਹਰਲੀਆਂ ਤੇ ਉੱਪਰਲੀਆਂ ਲਾਈਟਾਂ ਤੈਅ ਸਮੇਂ ਸੀਮਾ ਅਨੁਸਾਰ ਬੰਦ ਕੀਤੀਆਂ ਗਈਆਂ ਪ੍ਰੰਤੂ ਜਿੱਥੇ-ਜਿੱਥੇ ਗੁਰੂ ਦਰਬਾਰ ਦੀ ਮਰਿਆਦਾ ਚਲਦੀ ਹੈ।

ਉਨ੍ਹਾਂ ਥਾਵਾਂ ਉੱਤੇ ਲਾਈਟਾਂ ਚੱਲਦੀਆਂ ਰੱਖ ਕੇ ਪੂਰੀ ਜਿੰਮੇਵਾਰੀ ਨਾਲ ਮਰਿਆਦਾ ਨਿਭਾਈ ਗਈ ਹੈ। ਗਿਆਨੀ ਅਮਰਜੀਤ ਸਿੰਘ ਨੇ ਕਿਹਾ ਕਿ ਭਾਰਤੀ ਫੌਜ ਦੇ ਲੈਫਟੀਨੈਂਟ ਜਨਰਲ ਵੱਲੋਂ ਇਹ ਦਾਅਵਾ ਕਰਨਾ ਕਿ ਆਪਰੇਸ਼ਨ ਸਿੰਧੂਰ ਦੌਰਾਨ ਹੈਡ ਗ੍ਰੰਥੀ ਵੱਲੋਂ ਫੌਜ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਪਣੀਆਂ ਹਵਾਈ ਸੁਰੱਖਿਆ ਗੰਨਾਂ ਲਗਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਇਹ ਮੂਲੋਂ ਗਲਤ ਹੈ ਕਿਉਂਕਿ ਅਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਨਾ ਹੀ ਕੋਈ ਗੰਨਾਂ ਲਗਾਉਣ ਜਿਹਾ ਘਟਨਾਕ੍ਰਮ ਇਸ ਪਾਵਨ ਅਸਥਾਨ ਉੱਤੇ ਪ੍ਰਵਾਨ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਸਮੂਹ, ਲੰਗਰ ਸ੍ਰੀ ਗੁਰੂ ਰਾਮਦਾਸ ਜੀ, ਸ੍ਰੀ ਅਖੰਡ ਪਾਠ ਸਾਹਿਬਾਨ ਵਾਲੇ ਅਸਥਾਨ ਅਤੇ ਹੋਰ ਸਬੰਧਤ ਗੁਰ ਅਸਥਾਨਾਂ ਦੀ ਰੋਜ਼ਾਨਾ ਚੱਲਣ ਵਾਲੀ ਮਰਿਆਦਾ ਲਾਜ਼ਮੀ ਹੁੰਦੀ ਹੈ ਜਿਸ ਵਿੱਚ ਕਿਸੇ ਕਿਸਮ ਦਾ ਵਿਘਨ ਪਾਉਣ ਦਾ ਅਧਿਕਾਰ ਕਿਸੇ ਨੂੰ ਨਹੀਂ ਹੈ ਅਤੇ ਬੀਤੇ ਦਿਨੀਂ ਬਣੇ ਹਾਲਾਤ ਦੇ ਚੱਲਦਿਆਂ ਵੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਗੁਰੂ ਦਰਬਾਰ ਦੀ ਸਮੁੱਚੀ ਮਰਿਆਦਾ ਪੂਰਨ ਸਮਰਪਣ ਭਾਵ ਅਤੇ ਦ੍ਰਿੜ੍ਹਤਾ ਨਾਲ ਜਾਰੀ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਬਲੈਕਆਊਟ ਦੇ ਸਮੇਂ ਕਿਸੇ ਵੀ ਗੁਰ ਅਸਥਾਨ ਜਿੱਥੇ ਮਰਿਆਦਾ ਚੱਲਦੀ ਹੋਵੇ ਉਸ ਦੀਆਂ ਲਾਈਟਾਂ ਬੰਦ ਨਹੀਂ ਕੀਤੀਆਂ ਗਈਆਂ। ਸਿੰਘ ਸਾਹਿਬ ਨੇ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀ ਨੇ ਅਜਿਹਾ ਬਿਆਨ ਕਿਉਂ ਦਿੱਤਾ ਇਸ ਬਾਰੇ ਤਾਂ ਉਹ ਹੀ ਸਪੱਸ਼ਟ ਕਰ ਸਕਦੇ ਹਨ ਪਰੰਤੂ ਅਜਿਹੀ ਗੱਲ ਕਹੀ ਜਾਣੀ ਬਹੁਤ ਗ਼ਲਤ ਤੇ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਕਿ ਬਤੌਰ ਐਡੀਸ਼ਨਲ ਮੁੱਖ ਗ੍ਰੰਥੀ ਉਹ ਇਹ ਗੱਲ ਦਾਅਵੇ ਨਾਲ ਕਹਿ ਰਹੇ ਹਨ ਕਿ ਗੰਨਾਂ ਲਗਾਉਣ ਸਬੰਧੀ ਕੋਈ ਪ੍ਰਵਾਨਗੀ ਫ਼ੌਜ ਨੂੰ ਨਹੀਂ ਦਿੱਤੀ ਗਈ।

ਫ਼ੌਜ ਦੇ ਅਧਿਕਾਰੀ ਵੱਲੋਂ ਇਸ ਬਿਆਨ ਦੇ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ।

ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇੱਕ ਅਧਿਕਾਰੀ ਵੱਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵੱਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅਪੂਰਨ ਹਾਲਾਤ ਵਿੱਚ ਦੇਸ਼ ਅਤੇ ਫੌਜ ਵੱਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਗੰਨਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰੰਤੂ ਇਸ ਦੌਰਾਨ ਉਨ੍ਹਾਂ ਨਾਲ ਗੰਨਾਂ ਲਗਾਉਣ ਸਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਗਿਆਨੀ ਰਘਬੀਰ ਸਿੰਘ ਨੇ ਫੌਜ ਦੇ ਅਧਿਕਾਰੀ ਵੱਲੋਂ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੈਟਰੋਲ ਪੰਪ ਤੇ ਲੁੱਟ-ਖੋਹ ਦੀ ਵਾਰਦਾਤ ਦੀ ਇਤਲਾਹ ਦੇਣ ਵਾਲਾ ਖੁਦ ਹੀ ਨਿਕਲਿਆ ਖੋਹ ਦਾ ਮਾਸਟਰ ਮਾਂਈਡ

ਚੀਨ ਬਣਾ ਰਿਹਾ ਹੈ ਪਾਕਿਸਤਾਨ ਵਿੱਚ ਦੁਨੀਆ ਦਾ ਪੰਜਵਾਂ ਸਭ ਤੋਂ ਉੱਚਾ ਡੈਮ: ਉਚਾਈ ਹੈ 700 ਫੁੱਟ