- ਪਟਿਆਲਾ ਬਾਰ ਐਸੋਸੀਏਸ਼ਨ ਵਿੱਚ ਵਕੀਲਾਂ ਨਾਲ ਮੁਲਾਕਾਤ
- ਕਾਂਗਰਸ ਤੇ ‘ਆਪ’ ਉਮੀਦਵਾਰਾਂ ਤੋਂ ਮੰਗਿਆ ਰਿਪੋਰਟ ਕਾਰਡ
ਪਟਿਆਲਾ, 8 ਮਈ 2024 – ਪਟਿਆਲਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ.ਕੇ.ਸ਼ਰਮਾ ਨੇ ਵਿਕਾਸ ਦੇ ਮੁੱਦੇ ‘ਤੇ ਵਿਰੋਧੀ ਪਾਰਟੀਆਂ ਨੂੰ ਘੇਰਦਿਆਂ ਕਿਹਾ ਹੈ ਕਿ ਪੰਜਾਬ ‘ਚ ਅਕਾਲੀ ਦਲ ਦੀ ਸਰਕਾਰ ਸਮੇਂ ਬੁਨਿਆਦੀ ਢਾਂਚੇ ਦੇ ਵਿਕਾਸ ‘ਤੇ 24 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਾਂ ਮੰਗਣ ਤੋਂ ਪਹਿਲਾਂ ਆਪਣੀਆਂ ਸਰਕਾਰਾਂ ਦਾ ਰਿਪੋਰਟ ਕਾਰਡ ਵੀ ਲੋਕਾਂ ਸਾਹਮਣੇ ਲੈ ਕੇ ਜਾਣਾ ਚਾਹੀਦਾ ਹੈ।
ਐਨ. ਕੇ. ਸ਼ਰਮਾ ਅੱਜ ਇੱਥੇ ਬਾਰ ਐਸੋਸੀਏਸ਼ਨ ਦੇ ਵਕੀਲਾਂ ਨਾਲ ਰੂ-ਬ-ਰੂ ਹੋਏ। ਇਥੇ ਪੁੱਜਣ ’ਤੇ ਵੱਡੀ ਗਿਣਤੀ ’ਚ ਵਕੀਲਾਂ ਨੇ ਸ਼ਰਮਾ ਦਾ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਐਨ.ਕੇ. ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਲੜੀ ਹੈ। ਭਾਂਵੇ ਉਹ ਕਪੂਰੀ ਮੋਰਚਾ ਹੋਵੇ, ਧਰਮ ਯੁੱਧ ਮੋਰਚਾ ਹੋਵੇ ਜਾਂ ਪੰਜਾਬੀ ਸੂਬੇ ਦਾ ਮੋਰਚਾ ਹੋਵੇ। ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਕੇਵਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ 27 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਸਨ।
ਪੰਜਾਬ ਵਿੱਚ ਜਿਸ ਦਿਨ ਅਕਾਲੀ ਦਲ ਦੀ ਸਰਕਾਰ ਨੇ ਸੱਤਾ ਸੰਭਾਲੀ ਉਸ ਦਿਨ ਪੰਜਾਬ ਵਿੱਚ 6700 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਅਤੇ ਜਿਸ ਦਿਨ ਸਰਕਾਰ ਸੱਤਾ ਤੋਂ ਬਾਹਰ ਹੋਈ ਉਸ ਦਿਨ ਪੰਜਾਬ ਵਿੱਚ 12 ਹਜ਼ਾਰ 464 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ ਅਤੇ ਪੰਜਾਬ ਬਿਜਲੀ ਉਤਪਾਦਨ ਦੇ ਮਾਮਲੇ ਵਿੱਚ ਸਰਪਲੱਸ ਰਾਜ ਸੀ। ਅੱਜ ਪੰਜਾਬ ਵਿੱਚ 11 ਹਜ਼ਾਰ ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ। ਇਸ ਦੇ ਬਾਵਜੂਦ ਮੌਜੂਦਾ ਸਰਕਾਰ ਝੂਠੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
ਸ਼ਰਮਾ ਨੇ ਮੁਹਾਲੀ ਦੇ ਵਿਕਾਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਮੁਹਾਲੀ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਵਜੋਂ ਕਾਰਜਕਾਲ ਦੌਰਾਨ ਇੱਥੇ ਏਅਰਪੋਰਟ, ਸਟੇਡੀਅਮ, ਆਈਟੀ ਸਿਟੀ, ਮੈਡੀਸਿਟੀ ਦਾ ਨਿਰਮਾਣ ਕਰਵਾਇਆ ਗਿਆ ਹੈ। ਜਿਹੜੇ ਆਗੂ ਹੁਣ ਤੱਕ ਪਟਿਆਲੇ ਤੋਂ ਸੰਸਦ ਮੈਂਬਰ ਰਹੇ ਹਨ, ਉਨ੍ਹਾਂ ਨੂੰ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਇਹ ਸਭ ਇੱਥੇ ਕਿਉਂ ਨਹੀਂ ਬਣ ਸਕਿਆ। ਸ਼ਰਮਾ ਨੇ ਹੁਣ ਤੱਕ ਦੀ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਅਤੇ ਸਾਬਕਾ ਸਾਂਸਦ ਅਤੇ ਕਾਂਗਰਸ ਦੇ ਉਮੀਦਵਾਰ ਧਰਮਵੀਰ ਗਾਂਧੀ ਨੂੰ ਦਲਬਦਲੂ ਅਤੇ ਮੌਕਾਪ੍ਰਸਤ ਆਗੂ ਕਰਾਰ ਦਿੰਦਿਆਂ ਕਿਹਾ ਕਿ ਨਿੱਜੀ ਮੁਫ਼ਾਦਾਂ ਲਈ ਲੋਕ ਹਿੱਤਾਂ ਦਾ ਸੋਦਾ ਕਰਨ ਵਾਲੇ ਆਗੂਆਂ ਨੂੰ ਉਨ੍ਹਾਂ ਦੇ ਕੰਮ ਅਤੇ ਚਰਿੱਤਰ ਬਾਰੇ ਪੁੱਛਿਆ ਜਾਣਾ ਚਾਹੀਦਾ ਹੈ। ਇਸ ਮੌਕੇ ਮਨਵੀਰ ਸਿੰਘ ਟਿਵਾਣਾ ਪ੍ਰਧਾਨ, ਕੁੰਦਨ ਸਿੰਘ ਨਾਗਰਾ, ਰਣਜੀਤ ਸਿੰਘ ਮਾਨ, ਹਰਦੇਵ ਸਿੰਘ, ਭੁਪਿੰਦਰਜੋਤ ਸਿੰਘ ਭਿੰਡਰ, ਸਤੀਸ਼ ਕਰਕਰੇ, ਸਵੀਦੇਵ ਸਿੰਘ ਘੁੰਮਣ, ਜਗਦੀਸ਼ ਸ਼ਰਮਾ, ਦੀਪਕ ਜਿੰਦਲ, ਦੀਪਕ ਸੂਦ, ਗਗਨਦੀਪ ਸਿੰਘ ਸਿੱਧੂ, ਇਸ਼ਮੀਤ ਸਿੰਘ ਚਾਵਲਾ ਅਤੇ ਮਨਦੀਪ ਕੌਰ ਢਿੱਲੋਂ, ਹਰਮੀਤ ਕੌਰ ਕਾਹਲੋਂ ਆਦਿ ਮੈਂਬਰ ਹਾਜ਼ਰ ਸਨ।