ਰੂਪਨਗਰ, 9 ਫਰਵਰੀ 2024: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਵਿਗਿਆਨੀਆਂ ਦੀ ਟੀਮ ਵੱਲੋਂ ਜ਼ਿਲ੍ਹਾ ਰੂਪਨਗਰ ਦੇ ਬਲਾਕ ਸ੍ਰੀ ਅਨੰਦਪੁਰ ਸਾਹਿਬ ਦੇ ਕੁੱਝ ਪਿੰਡਾਂ ਦੇ ਕੀਤੇ ਦੌਰੇ ਦੌਰਾਨ ਕਣਕ ਵਿੱਚ ਪੀਲੀ ਕੁੰਗੀ ਦਾ ਮਾਮੂਲੀ ਹਮਲਾ ਪਿੰਡ ਨਿੱਕੂ ਨੰਗਲ ਅਤੇ ਪਿੰਡ ਦੁਕਲੀ ਵਿਖੇ ਦੇਖਿਆ ਗਿਆ।
ਡਿਪਟੀ ਡਾਇਰੈਕਟਰ (ਟ੍ਰੇਨਿੰਗ) ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਡਾ. ਸਤਬੀਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਕਣਕ ਵਿੱਚ ਪੀਲੀ ਕੁੰਗੀ ਦੇ ਹਮਲੇ ਪ੍ਰਤੀ ਸੁਚੇਤ ਰਹਿਣ। ਮੌਜੂਦਾ ਮੌਸਮ ਅਤੇ ਪੀਲੀ ਕੁੰਗੀ ਦੀ ਆਮਦ ਨੂੰ ਦੇਖਦੇ ਹੋਏ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਹਰ ਰੋਜ਼ ਆਪਣੇ ਕਣਕ ਦੇ ਖੇਤਾਂ ਦੀ ਨਿਗਰਾਨੀ ਕਰਨ ਅਤੇ ਸਮੇਂ ਸਿਰ ਇਸ ਦੀ ਰੋਕਥਾਮ ਕਰਨ।
ਪੌਦਾ ਰੋਗ ਮਾਹਿਰ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਡਾ. ਜਸਪਾਲ ਕੌਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੀਲੀ ਕੁੰਗੀ ਦੀ ਬਿਮਾਰੀ ਕਣਕ ਦੇ ਪੱਤਿਆ ਤੇ ਪੀਲੇ ਰੰਗ ਦੀਆਂ ਧਾਰੀਆਂ ਦੇ ਰੂਪ ਵਿੱਚ ਨਜ਼ਰ ਆਉਂਦੀ ਹੈ ਅਤੇ ਇਸ ਨੂੰ ਹੱਥ ਲਾਉਣ ਤੇ ਹੱਥ ਉਪਰ ਉਲੀ ਦਾ ਪੀਲਾ ਧੂੜਾ ਲਗ ਜਾਂਦਾ ਹੈ। ਕਿਸਾਨਾਂ ਨੂੰ ਕਣਕ ਦੀ ਫ਼ਸਲ ਉੱਤੇ ਪੀਲੀ ਕੁੰਗੀ ਦੇ ਲੱਛਣ ਦਿਖਾਈ ਦੇਣ ਤੇ ਇਸ ਦੇ ਪ੍ਰਬੰਧਨ ਲਈ ਸਮੇਂ ਸਿਰ ਰੋਕਥਾਮ ਕਰਨ ਨਾਲ ਇਸ ਦੇ ਹੋਰ ਫੈਲਣ ਅਤੇ ਆਰਥਿਕ ਨੁਕਸਾਨ ਦੀ ਸੰਭਾਵਨਾ ਘੱਟ ਜਾਂਦੀ ਹੈ।
ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਡਾ. ਊਰਵੀ ਸ਼ਰਮਾ ਨੇ ਦੱਸਿਆ ਕਿ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੇ 200 ਗ੍ਰਾਮ ਕੇਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 120 ਗ੍ਰਾਮ ਨਟੀਵੋ 75 ਡਬਲਯੂ ਜੀ (ਟ੍ਰਾਈਫਲੈਕਸੀਸਟ੍ਰੋਬਿਨ+ਟੈਬੂਕੋਨਾਜ਼ੋਲ) ਜਾਂ 300 ਗ੍ਰਾਮ ਤਾਕਤ 75 ਡਬਲਯੂ ਪੀ ਜਾਂ 200 ਮਿਲੀਲਿਟਰ ਅੰਮਪੈਕਟ ਐਕਸਟਰਾ (ਐਜੇਕਸੀਸਟ੍ਰੋਬਿਨ + ਸਾਇਪਰਾਕੋਨਾਜ਼ੋਲ) ਜਾਂ 200 ਮਿਲੀਲਿਟਰ ਉਪੇਰਾ 18.3 ਐਸ ਈ (ਪਾਈਰੈਕਲੋਸਟ੍ਰੋਬਿਨ + ਇਪੋਕਸੀਕੋਨਾਜ਼ੋਲ) ਜਾਂ 200 ਮਿਲੀਲਿਟਰ ਕਸਟੋਡੀਆ 320 ਐਸ ਸੀ (ਐਜ਼ੋਕਸੀਸਟ੍ਰੋਬਿਨ+ ਟੈਬੂਕੋਨਾਜ਼ੋਲ) ਜਾਂ 200 ਮਿਲੀਲਿਟਰ ਟਿਲਟ 25 ਈ ਸੀ/ ਸਾਈਨ 25 ਈ ਸੀ/ਬੰਪਰ 25 ਈ ਸੀ/ਸਟਿਲਟ 25 ਈ ਸੀ/ ਕੰਪਾਸ 25 ਈ ਸੀ/ਮਾਰਕਜੇਲ 25 ਈ ਸੀ (ਪ੍ਰੋਪੀਕੋਨਾਜ਼ੋਲ) ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਗੰਭੀਰ ਹਾਲਤਾਂ ਵਿਚ ਦੂਜਾ ਛਿੜਕਾਅ 15 ਦਿਨਾਂ ਬਾਅਦ ਕਰੋ।