ਤਰੁਨਪ੍ਰੀਤ ਸੌਂਦ ਵੱਲੋਂ ਪੰਜਾਬ ‘ਚ ਉਦਯੋਗਾਂ ਲਈ ਹੋਰ ਸੁਖਾਵਾਂ ਮਾਹੌਲ ਬਣਾਉਣ ਦੇ ਨਿਰਦੇਸ਼

  • ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਕਾਰਗਰ ਕਦਮ ਉਠਾੳੇੁਣ ਲਈ ਕਿਹਾ
  • ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ
  • ਉਦਯੋਗ ਵਿਭਾਗ, ਇਨਵੈਸਟ ਪੰਜਾਬ ਤੇ ਬੋਰਡਾਂ-ਕਾਰਪੋਰੇਸ਼ਨਾਂ ਦੇ ਉੱਚ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ
  • ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ/ਬੋਰਡਾਂ ਦੀ ਕਾਰਗੁਜ਼ਾਰੀ ਹੋਰ ਬੇਹਤਰ ਕਰਨ ਦੀਆਂ ਹਦਾਇਤਾਂ

ਚੰਡੀਗੜ੍ਹ, 4 ਅਕਤੂਬਰ 2024 – ਪੰਜਾਬ ਦੇ ਪੂੰਜੀ ਨਿਵੇਸ਼ ਪ੍ਰੋਤਸਾਹਨ ਅਤੇ ਉਦਯੋਗ ਤੇ ਕਾਮਰਸ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸੂਬੇ ਵਿਚ ਉਦਯੋਗਾਂ ਲਈ ਹੋਰ ਸੁਖਾਵਾਂ, ਪਾਰਦਰਸ਼ੀ ਤੇ ਦਿੱਕਤ ਰਹਿਤ ਮਾਹੌਲ ਬਣਾਉਣ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਪੂੰਜੀ ਨਿਵੇਸ਼ ਪ੍ਰੋਤਸਾਹਨ, ਉਦਯੋਗ ਤੇ ਕਾਮਰਸ, ਇਨਵੈਸਟ ਪੰਜਾਬ ਅਤੇ ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ/ਬੋਰਡਾਂ ਦੇ ਉੱਚ ਅਧਿਕਾਰੀਆਂ ਦੀ ਸਮੀਖਿਆ ਮੀਟਿੰਗ ਦੌਰਾਨ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸਨਅਤੀ ਖੇਤਰ ਵਿੱਚ ਅੱਵਲ ਨੰਬਰ ‘ਤੇ ਲੈ ਕੇ ਜਾਣਾ ਉਨ੍ਹਾਂ ਦੇ ਟੀਚਿਆਂ ਵਿਚ ਸ਼ਾਮਲ ਹੈ। ਇਸ ਮਕਸਦ ਦੀ ਪੂਰਤੀ ਲਈ ਸੌਂਦ ਨੇ ਸਾਰੇ ਅਧਿਕਾਰੀਆਂ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਸਾਥ ਦੇਣ ਲਈ ਕਿਹਾ।

ਅਧਿਕਾਰੀਆਂ ਨੂੰ ਸੰਬੋਧਨ ਹੁੰਦਿਆਂ ਸੌਂਦ ਨੇ ਕਿਹਾ ਕਿ ਉਦਯੋਗਾਂ ਨਾਲ ਸਬੰਧਤ ਸਰਕਾਰੀ ਸਕੀਮਾਂ, ਨੀਤੀਆਂ ਤੇ ਯੋਜਨਾਵਾਂ ਹੇਠਲੇ ਪੱਧਰ ਦੇ ਉਦਯੋਗਾਂ ਤੱਕ ਪਹੁੰਚਾਉਣ ਲਈ ਹੋਰ ਹੰਭਲੇ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਛੋਟੇ ਅਤੇ ਮੱਧਮ ਵਰਗ ਦੇ ਉਦਯੋਗਾਂ ਲਈ ਵੀ ਕਾਰਗਰ ਕਦਮ ਉਠਾੳੇੁਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਬਹੁਤ ਸਾਰੀਆਂ ਕੇਂਦਰੀ ਤੇ ਸੂਬਾਈ ਸਕੀਮਾਂ ਹਨ, ਜਿਨ੍ਹਾਂ ਦੀ ਜਾਣਕਾਰੀ ਬਹੁਤੇ ਸਨਅਤਕਾਰਾਂ ਨੂੰ ਨਾ ਹੋਣ ਕਰਕੇ ਉਹ ਇਨ੍ਹਾਂ ਦਾ ਲਾਹਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਸੌਂਦ ਨੇ ਕਿਹਾ ਕਿ ਅਜਿਹੀਆਂ ਸਕੀਮਾਂ ਬਾਬਤ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਜਾਵੇ ਤਾਂ ਜੋ ਕੋਈ ਵੀ ਸਨਅਤਕਾਰ ਇੱਕ ਕਲਿੱਕ ਨਾਲ ਇਨ੍ਹਾਂ ਦੀ ਜਾਣਕਾਰੀ ਹਾਸਲ ਕਰ ਸਕੇ। ਉਨ੍ਹਾਂ ਕਿਹਾ ਕਿ ਇਨਵੈਸਟ ਪੰਜਾਬ ਦੀ ਵੈੱਬਸਾਈਟ ਤੱਕ ਵੀ ਇੰਟਰਨੈੱਟ ਵਰਤੋਂਕਾਰਾਂ ਦੀ ਸੁਖਾਲੀ ਪਹੁੰਚ ਲਈ ਕਾਰਗਰ ਕਦਮ ਚੁੱਕੇ ਜਾਣ ਤਾਂ ਜੋ ਦੁਨੀਆਂ ਭਰ ਦੇ ਉਦਯੋਗਪਤੀ ਜੇਕਰ ਨਿਵੇਸ਼ ਲਈ ਸਭ ਤੋਂ ਉੱਤਮ ਥਾਂਵਾਂ ਦੀ ਸਰਚ ਕਰਨ ਤਾਂ ਪੰਜਾਬ ਦਾ ਨਾਂ ਪਹਿਲੇ ਨੰਬਰ ਉੱਤੇ ਆਵੇ।

ਉਦਯੋਗ ਮੰਤਰੀ ਨੇ ਇਹ ਵੀ ਹਦਾਇਤ ਕੀਤੀ ਕਿ ਉਦਯੋਗ ਵਿਭਾਗ ਨਾਲ ਸਬੰਧਤ ਕਾਰਪੋਰੇਸ਼ਨਾਂ/ਬੋਰਡਾਂ ਦੀ ਕਾਰਗੁਜ਼ਾਰੀ ਹੋਰ ਬੇਹਤਰ ਕਰਨ ਲਈ ਇਨ੍ਹਾਂ ਦਾ ਆਪਸੀ ਅਤੇ ਵੱਖ-ਵੱਖ ਵਿਭਾਗਾਂ ਨਾਲ ਬੇਹਤਰ ਤਾਲਮੇਲ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਿੱਚ ਨਵੇਂ ਅਤੇ ਸਥਾਪਤ ਉਦਯੋਗਾਂ ਦੀ ਉੱਨਤੀ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ ਅਤੇ ਇਸ ਮੰਤਵ ਦੀ ਪੂਰਤੀ ਤਾਂ ਹੀ ਸੰਭਵ ਹੈ ਜੇਕਰ ਅਫਸਰਸ਼ਾਹੀ ਆਪਣਾ ਸਾਰਥਕ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਉਦਯੋਗ ਪੱਖੀ ਮਾਹੌਲ ਤਾਂ ਹੀ ਵਿਕਸਿਤ ਹੋਵੇਗਾ ਜੇਕਰ ਪ੍ਰਸ਼ਾਸ਼ਨਿਕ ਅੜਿੱਕੇ ਘੱਟ ਤੋਂ ਘੱਟ ਹੋਣਗੇ। ਉਨ੍ਹਾਂ ਪੰਜਾਬ ਨੂੰ ਸਭ ਤੋਂ ਉੱਤਮ ਉਦਯੋਗਿਕ ਸੂਬਾ ਬਣਾਉਣ ਲਈ ਅਫਸਰਾਂ ਨੂੰ ਸਮਰਪਿਤ ਭਾਵਨਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ ਤਾਂ ਕਿ ਸੂਬੇ ਦਾ ਅਰਥਚਾਰਾ ਹੋਰ ਮਜ਼ਬੂਤ ਹੋਵੇ।

ਉਨ੍ਹਾਂ ਇਸ ਗੱਲ ਦੀ ਖੁਸ਼ੀ ਪ੍ਰਗਟਾਈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਯਤਨਾਂ ਸਕਦਾ ਪੰਜਾਬ ਵਿੱਚ ਭਰਵਾਂ ਨਿਵੇਸ਼ ਆ ਰਿਹਾ ਹੈ ਅਤੇ ਇਸ ਨੂੰ ਹੋਰ ਉਚਾਈਆਂ ‘ਤੇ ਲੈ ਕੇ ਜਾਇਆ ਜਾਵੇਗਾ। ਮੀਟਿੰਗ ਵਿਚ ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਨੇ ਉਦਯੋਗ ਮੰਤਰੀ ਨੂੰ ਵਿਭਾਗ ਬਾਰੇ, ਇਨਵੈਸਟ ਪੰਜਾਬ ਅਤੇ ਸਬੰਧਤ ਬੋਰਡਾਂ-ਕਾਰਪੋਰੇਸ਼ਨਾਂ ਦੀ ਕਾਰਗੁਜ਼ਾਰੀ, ਨੀਤੀਆਂ ਅਤੇ ਹੋਰ ਮਸਲਿਆਂ ਬਾਬਤ ਜਾਣਕਾਰੀ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਭਾਜਪਾ ਨੇ ਗਿੱਦੜਬਾਹਾ, ਬਰਨਾਲਾ, ਚੱਬੇਵਾਲ ਅਤੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਤਿਆਰੀ ਸ਼ੁਰੂ ਕੀਤੀ

ਅਗਲੇ ਸਾਲ ਮਾਰਚ ਤੱਕ 90 ਲੱਖ ਮੀਟਰਕ ਟਨ ਭੰਡਾਰਨ ਦੀ ਥਾਂ ਪੈਦਾ ਹੋਵੇਗੀ: ਲਾਲ ਚੰਦ ਕਟਾਰੂਚੱਕ