ਲੁਧਿਆਣਾ, 18 ਅਗਸਤ 2023 – 15 ਅਗਸਤ ਨੂੰ ਲੁਧਿਆਣਾ ‘ਚ ਤਿਰੰਗੇ ਦਾ ਅਪਮਾਨ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਰੇਲਵੇ ਸਟੇਸ਼ਨ ਦੇ ਕੋਲ ਬਣੇ ਇਲੈਕਟ੍ਰਿਕ ਲੋਕੋ ਸ਼ੈੱਡ ਦੀ ਹੈ। ਸੁਤੰਤਰਤਾ ਦਿਵਸ ‘ਤੇ ਰੇਲਵੇ ਕਰਮਚਾਰੀਆਂ ਵੱਲੋਂ ਇੱਥੇ ਤਿਰੰਗਾ ਲਹਿਰਾਇਆ ਗਿਆ ਸੀ ਪਰ ਇਸ ਦੌਰਾਨ ਰੇਲਵੇ ਅਧਿਕਾਰੀ ਜੁੱਤੀਆਂ ਲੈ ਕੇ ਮੰਚ ‘ਤੇ ਚੜ੍ਹ ਗਏ ਅਤੇ ਬਾਅਦ ‘ਚ ਤਿਰੰਗੇ ਨੂੰ ਸਲਾਮੀ ਦੇਣਾ ਭੁੱਲ ਗਏ।
ਦਰਅਸਲ ਇਲੈਕਟ੍ਰਿਕ ਲੋਕੋ ਸ਼ੈੱਡ ਦੇ ਸੀਨੀਅਰ ਡੀਈਈ ਸਚਿਨ ਗੋਇਲ ਨੂੰ ਤਿਰੰਗਾ ਲਹਿਰਾਉਣ ਲਈ ਬੁਲਾਇਆ ਗਿਆ ਸੀ। ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਸਮੇਂ ਉਹ ਜੁੱਤੀ ਪਾ ਕੇ ਝੰਡੇ ਦੇ ਡਾਈਸ ‘ਤੇ ਖੜ੍ਹੇ ਹੋ ਗਏ। ਝੰਡਾ ਲਹਿਰਾਉਣ ਤੋਂ ਬਾਅਦ ਸਾਰੇ ਮੁਲਾਜ਼ਮਾਂ ਨੇ ਝੰਡੇ ਅੱਗੇ ਸਲਾਮੀ ਦਿੱਤੀ ਪਰ ਅਧਿਕਾਰੀ ਵੱਲੋਂ ਤਿਰੰਗੇ ਨੂੰ ਸਲਾਮੀ ਵੀ ਨਹੀਂ ਦਿੱਤੀ ਗਈ।
ਫਿਰੋਜ਼ਪੁਰ ਮੰਡਲ ਦੇ ਡੀਆਰਐਮ ਸੰਜੇ ਸਾਹੂ ਨੇ ਕਿਹਾ ਕਿ ਜੇਕਰ ਕਿਸੇ ਨੇ ਇਸ ਤਰ੍ਹਾਂ ਤਿਰੰਗੇ ਦਾ ਅਪਮਾਨ ਕੀਤਾ ਹੈ ਤਾਂ ਇਹ ਸਰਾਸਰ ਗਲਤ ਹੈ। ਵਿਅਕਤੀ ਭਾਵੇਂ ਕੋਈ ਵੀ ਹੋਵੇ, ਸਾਨੂੰ ਆਪਣੇ ਰਾਸ਼ਟਰੀ ਝੰਡੇ ਦਾ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਇਸ ਸਬੰਧੀ ਮੇਰੇ ਕੋਲ ਕੋਈ ਲਿਖਤੀ ਸ਼ਿਕਾਇਤ ਆਉਂਦੀ ਹੈ ਤਾਂ ਮਾਮਲੇ ਦੀ ਜਾਂਚ ਕਰਵਾ ਕੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ।