- ਚੰਡੀਗੜ੍ਹ, ਹਰਿਆਣਾ-ਪੰਜਾਬ ਦੇ 7 ਜ਼ਿਲ੍ਹਿਆਂ ਵਿੱਚ ਮੀਂਹ, 14 ਵਿੱਚ ਅਲਰਟ ਜਾਰੀ
- ਗੜੇ ਪੈਣ ਦੀ ਵੀ ਸੰਭਾਵਨਾ
- ਹਿਮਾਚਲ ਦੇ ਲਾਹੌਲ ਸਪਿਤੀ ਸਮੇਤ ਸੈਰ-ਸਪਾਟਾ ਸਥਾਨਾਂ ‘ਤੇ ਬਰਫਬਾਰੀ ਹੋਈ
ਅੰਮ੍ਰਿਤਸਰ, 4 ਫਰਵਰੀ 2024 – ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਐਤਵਾਰ ਨੂੰ ਦਿਨ ਦੀ ਸ਼ੁਰੂਆਤ ਮੀਂਹ ਨਾਲ ਹੋਈ। ਸ਼ਨੀਵਾਰ ਰਾਤ ਨੂੰ ਹੀ ਬਾਰਿਸ਼ ਸ਼ੁਰੂ ਹੋ ਗਈ ਸੀ। ਅੰਮ੍ਰਿਤਸਰ, ਫਰੀਦਕੋਟ, ਪਾਣੀਪਤ, ਕਰਨਾਲ, ਪੰਚਕੂਲਾ, ਹਿਸਾਰ, ਜੀਂਦ, ਨਾਰਨੌਲ, ਅੰਬਾਲਾ ਵਿੱਚ ਮੀਂਹ ਪਿਆ। ਹਾਲਾਂਕਿ, ਜਿਵੇਂ-ਜਿਵੇਂ ਦਿਨ ਚੜ੍ਹਦਾ ਗਿਆ, ਮੀਂਹ ਰੁਕ ਗਿਆ ਅਤੇ ਮੌਸਮ ਸਾਫ਼ ਹੋ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਜੇ ਵੀ ਬੱਦਲਵਾਈ ਬਣੀ ਹੋਈ ਹੈ।
ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਦਾ ਪੈਟਰਨ ਲਗਾਤਾਰ ਬਦਲਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਅੱਜ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਹਵਾਵਾਂ ਚੱਲਣਗੀਆਂ। ਬਿਜਲੀ ਗਰਜਨ ਦੇ ਨਾਲ-ਨਾਲ ਮੀਂਹ ਪਵੇਗਾ।
ਮੌਸਮ ਵਿਭਾਗ ਨੇ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਆਰੇਂਜ ਅਲਰਟ ਹੈ। ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੂਪਨਗਰ ਸ਼ਾਮਲ ਹਨ। ਇੱਥੇ ਮੀਂਹ ਅਤੇ ਗੜੇ ਪੈਣ ਦੀ ਸੰਭਾਵਨਾ ਜ਼ਿਆਦਾ ਹੈ। ਬਾਕੀ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ ਪੱਛਮੀ ਗੜਬੜੀ ਕਾਰਨ 5 ਫਰਵਰੀ ਤੱਕ ਕਈ ਰਾਜਾਂ ਵਿੱਚ ਭਾਰੀ ਬਾਰਿਸ਼ ਹੋਵੇਗੀ। ਦੇਸ਼ ਦੀ ਰਾਜਧਾਨੀ ਦਿੱਲੀ ‘ਚ ਅੱਜ ਸਵੇਰੇ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ।
ਮੌਸਮ ਵਿਭਾਗ ਅਨੁਸਾਰ 5 ਅਤੇ 6 ਫਰਵਰੀ ਨੂੰ ਵੀ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। 5 ਫਰਵਰੀ ਨੂੰ ਵੀ ਮੀਂਹ ਦੀ ਚਿਤਾਵਨੀ ਦਿੱਤੀ ਗਈ ਹੈ। ਜਦੋਂ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਵਿੱਚ 4 ਫਰਵਰੀ ਨੂੰ ਬਾਰਿਸ਼ ਹੋਣ ਵਾਲੀ ਹੈ। ਇਨ੍ਹਾਂ ਰਾਜਾਂ ਵਿੱਚ ਗੜੇ ਵੀ ਪੈਣਗੇ।
ਹਰਿਆਣਾ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਜਿਸ ਵਿੱਚ ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਮੇਵਾਤ, ਪਲਵਲ, ਗੁਰੂਗ੍ਰਾਮ, ਝੱਜਰ, ਰੋਹਤਕ ਅਤੇ ਸੋਨੀਪਤ ਸ਼ਾਮਲ ਹਨ।
ਦੂਜੇ ਪਾਸੇ ਹਿਮਾਚਲ ‘ਚ ਦੂਜੀ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਤੋਂ ਬਾਅਦ 7 ਫਰਵਰੀ ਤੱਕ ਬਰਫਬਾਰੀ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਚੰਬਾ-ਲਾਹੌਲ ਸਪਿਤੀ ‘ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਹੋਰ ਸੈਰ-ਸਪਾਟਾ ਸਥਾਨਾਂ ‘ਤੇ ਵੀ ਬਰਫਬਾਰੀ ਹੋਣ ਦੀ ਸੰਭਾਵਨਾ ਹੈ।