ਚੰਡੀਗੜ੍ਹ, 21 ਮਾਰਚ 2024 – ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ਜਨਮ ਦੀ ਜਾਂਚ ਦਾ ਮਾਮਲਾ ਇਸ ਵੇਲੇ ਭਖਿਆ ਹੋਇਆ ਹੈ। ਇਸ ਮਾਮਲੇ ‘ਚ ਹੁਣ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਨੇ ਹੁਣ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।
ਇਸ ਮਾਮਲੇ ‘ਚ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੇ ਪ੍ਰਮੁੱਖ ਸਕੱਤਰ ਸਿਹਤ ਅਜੋਏ ਸ਼ਰਮਾ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ ਕਿ ਉਹਨਾਂ ਨੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਦੇ ਛੋਟੇ ਬੇਟੇ ਸ਼ੁਭਦੀਪ ਦੇ ਜਨਮ ਨੂੰ ਲੈ ਕੇ ਜਾਰੀ ਕੀਤੇ ਨੋਟਿਸ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਕਿਉਂ ਨਹੀਂ ਲਿਆਂਦਾ ? ਅਤੇ ਇਸ ਮਾਮਲੇ ਵਿਚ ਸਿੱਧੀ ਕਾਰਵਾਈ ਕਿਉਂ ਕੀਤੀ ਹੈ ?
ਜ਼ਿਕਰਯੋਗ ਹੈ ਕਿ ਜਦੋਂ ਬਲਕੌਰ ਸਿੰਘ ਤੋਂ ਇਸ ਸੰਬੰਧੀ ਜਾਣਕਾਰੀ ਮੰਗੀ ਗਈ ਸੀ ਤਾਂ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ‘ਤੇ ਗੰਭੀਰ ਦੋਸ਼ ਲਗਾਏ ਸਨ। ਉਨ੍ਹਾਂ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਸੀ ਕਿ ਪ੍ਰਸ਼ਾਸਨ ਵੱਲੋਂ ਬੱਚੇ ਦੇ ਕਾਨੂੰਨੀ ਦਸਤਾਵੇਜ਼ ਪੇਸ਼ ਕਰਨ ਸਬੰਧੀ ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਰਹੂਮ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ‘ਆਪ ਪੰਜਾਬ’ ਨੇ ਵੀ ਇਸ ਦਾ ਸਪੱਸ਼ਟੀਕਰਨ ਦਿੱਤਾ ਸੀ ਕਿ ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਦੇ ਆਈ.ਵੀ.ਐਫ਼. ਇਲਾਜ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਨਹੀਂ ਸਗੋਂ ਕੇਂਦਰ ਦੀ ਬੀਜੇਪੀ ਸਰਕਾਰ ਵੱਲੋਂ ਕੀਤੀ ਗਈ। ਹੁਣ ਅੱਗੇ ਇਸ ਮਾਮਲੇ ‘ਚ ਹੁਣ ਪੰਜਾਬ ਸਰਕਾਰ ਨੇ ਸਹਿਤ ਸਕੱਤਰ ਤੋਂ ਜਵਾਬ ਤਲਖੀ ਕੀਤੀ ਹੈ।
ਅਸਲ ‘ਚ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਸਿਰਫ 21 ਤੋਂ 50 ਸਾਲ ਦੀ ਉਮਰ ਦੀਆਂ ਮਹਿਲਾਵਾਂ ਹੀ ਆਈ ਵੀ ਐਫ ਤਕਨੀਕ ਰਾਹੀਂ ਗਰਭ ਧਾਰਨ ਕਰ ਸਕਦੀਆਂ ਹਨ ਜਦੋਂ ਕਿ ਚਰਨ ਕੌਰ ਦੀ ਉਮਰ 58 ਸਾਲ ਹੈ। ਜਿਸ ਕਾਰਨ ਉਨ੍ਹਾਂ ਤੋਂ ਜਵਾਬ ਮੰਗਿਆ ਗਿਆ ਹੈ।