ਲੁਧਿਆਣਾ, 5 ਮਾਰਚ 2022 – ਕਰੀਬ ਤਿੰਨ ਵਰ੍ਹੇ ਪਹਿਲਾਂ ਪਿੰਡ ਈਸੇਵਾਲ ਨਜਦੀਕ ਇਕ ਲੜਕੀ ਦਾ ਕੁਝ ਦਰਿੰਦਿਆਂ ਵਲੋਂ ਗੈਂਗਰੇਪ ਕੀਤਾ ਗਿਆ ਸੀ ਅਤੇ ਹੁਣ ਮਾਣਯੋਗ ਅਦਾਲਤ ਵਲੋਂ ਪੀੜਿਤ ਲੜਕੀ ਨੂੰ ਇਨਸਾਫ ਦਿੰਦਿਆਂ ਦੋਸ਼ੀਆਂ ਨੂੰ ਸਜਾ ਸੁਣਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਪਾਟਿਲ ਕੇਤਨ ਬਾਲੀਰਾਮ ਨੇ ਦੱਸਿਆ ਕਿ ਲੁਧਿਆਣਾ ਸ਼ਹਿਰ ਦੀ ਵਸਨੀਕ ਲੜਕੀ ਵੱਲੋਂ ਥਾਣਾ ਦਾਖਾ ਵਿਖੇ ਇਤਲਾਹ ਦਿੱਤੀ ਗਈ ਸੀ ਕਿ ਮਿਤੀ 09.02.2019 ਨੂੰ ਜਦੋਂ ਉਹ ਆਪਣੇ ਦੋਸਤ ਨਾਲ ਉਸਦੀ ਕਾਰ ਵਿੱਚ ਸਵਾਰ ਹੋ ਕੇ ਲੁਧਿਆਣਾ ਤੋਂ ਈਸੇਵਾਲ ਜਾ ਰਹੀ ਸੀ ਤਾਂ ਈਸੇਵਾਲ ਦੇ ਨਹਿਰ ਦੇ ਪੁਲ ਤੇ ਥੋੜਾ ਅੱਗੇ ਚੰਗਣਾ ਵਾਲੇ ਪਾਸੇ 01 ਮੋਟਰ ਸਾਈਕਲ ਤੇ ਸਵਾਰ 03 ਨੌਜਵਾਨਾਂ ਨੇ ਉਹਨਾਂ ਦਾ ਰਾਹ ਰੋਕ ਕੇ ਕਾਰ ਦੇ ਸ਼ੀਸ਼ੇ ਵਿੱਚ ਇੱਟ ਮਾਰ ਕੇ ਕਾਰ ਦਾ ਸਟੇਰਿੰਗ ਫੜ ਲਿਆ ਅਤੇ ਫੋਨ ਕਰਕੇ ਹੋਰ ਮੁੰਡੇ ਬੁਲਾ ਲਏ।
ਇੰਨਾ ਲੋਕਾਂ ਵੱਲੋਂ ਪੀੜਤਾ ਨਾਲ ਗੈਂਗਰੇਪ ਕੀਤਾ ਗਿਆ ਸੀ ਅਤੇ ਪੀੜਤਾ ਅਤੇ ਉਸ ਦੇ ਦੋਸਤ ਨੂੰ ਛੱਡਣ ਦੇ ਬਦਲੇ ਵਿੱਚ ਪੀੜਤਾ ਦੇ ਦੋਸਤ ਦੇ ਦੋਸਤ ਨੂੰ ਫੋਨ ਕਰਕੇ 01 ਲੱਖ ਰੁਪਏ ਦੀ ਫਰੌਤੀ ਦੀ ਮੰਗ ਕੀਤੀ ਸੀ। ਪੁਲਿਸ ਵਲੋਂ ਇਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 10.02.2019 ਅ/ਧ 376-ਡੀ 342/384/364-ਏ/ 354-ਬੀ/379-ਬੀ/397 ਭ/ਦੰ, 6-ਈ, ਆਈ.ਟੀ. ਐਕਟ ਥਾਣਾ ਦਾਖਾ ਦਰਜ ਰਜਿਸਟਰ ਕੀਤਾ ਗਿਆ।ਮੁਕੱਦਮੇ ਦੀ ਤਫਤੀਸ ਡੀ.ਐਸ.ਪੀ. ਦਾਖਾ ਹਰਕਮਲ ਕੌਰਵੱਲੋ ਕੀਤੀ ਗਈ। ਉੱਕਤ ਮੁਕੱਦਮੇ ਸਬੰਧੀ ਫੋਰੈਂਸਿਕ ਤੌਰ ‘ਤੇ ਲੋੜੀਂਦੇ ਸਬੂਤ ਇਕੱਠੇ ਕਰਕੇ 40 ਦਿਨਾਂ ਦੇ ਅੰਦਰ ਮਾਨਯੋਗ ਅਦਾਲਤ ਲੁਧਿਆਣਾ ਵਿੱਚ ਚਲਾਨ ਪੇਸ਼ ਕੀਤਾ ਗਿਆ। ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਪਹਿਲਾਂ ਵੀ ਰੇਪ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਸੀ, ਪਰ ਇਸ ਸਬੰਧੀ ਕੋਈ ਵੀ ਪੀੜਤ ਪੁਲਸ ਦੇ ਸਾਹਮਣੇ ਨਹੀਂ ਆਇਆ।
ਮਿਤੀ 28-02-2022 ਨੂੰ ਮਾਨਯੋਗ ਅਦਾਲਤ ਰਸਮੀ ਸ਼ਰਮਾ ਵਧੀਕ ਸੈਸ਼ਨ ਜੱਜ, ਲੁਧਿਆਣਾ ਵੱਲੋਂ ਉੱਕਤ ਮੁਕੱਦਮੇ ਵਿੱਚ ਫੈਸਲਾ ਸੁਣਾਉਂਦੇ ਹੋਏ ਸਾਰੇ (06) ਦੋਸ਼ੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।ਅੱਜ ਮਿਤੀ 04.03.2022 ਨੂੰ ਮਾਨਯੋਗ ਅਦਾਲਤ ਵੱਲੋਂ 05 ਦੋਸ਼ੀਆਂ ਨੂੰ ਮੌਤ ਤੱਕ ਉਮਰ ਕੈਦ ਅਤੇ ਹਰੇਕ ਦੋਸ਼ੀ ਨੂੰ 1,00,000/- ਰੁਪਏ ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਐਸਐਸਪੀ ਪਾਟਿਲ ਨੇ ਦਸਿਆ ਕਿ ਸਾਦਿਕ ਅਲੀ, ਜਗਰੂਪ ਸਿੰਘ, ਸੁਰਮੂ ,ਸੈਦ ਅਲੀ , ਅਜੈ ਅਤੇ ਨਾਬਾਲਗ ਦੋਸ਼ੀ ਲਿਆਕਤ ਅਲੀ ਨੂੰ 20 ਸਾਲ ਕੈਦ ਅਤੇ 50,000/- ਰੁਪਏ ਜੁਰਮਾਨੇ ਦੀ ਸਜਾ ਦਾ ਹੁਕਮ ਸੁਣਾਇਆ ਗਿਆ ਹੈ।