ਮੋਹਾਲੀ, 22 ਜੂਨ 2022 – ਪੰਜਾਬ ਦੇ ਸਰਕਾਰੀ ਸਕੂਲਾਂ ਦੇ ਅਧਿਆਪਕ ਹੁਣ ਸਕੂਲ ਛੱਡ ਕੇ ਵਿਦੇਸ਼ ਘੁੰਮਣ ਦਾ ਆਨੰਦ ਨਹੀਂ ਮਾਣ ਸਕਦੇ। ਹੁਣ ਉਨ੍ਹਾਂ ਨੂੰ ਸਕੂਲ ਵਿਚ ਰਹਿ ਕੇ ਹੀ ਬੱਚਿਆਂ ਨੂੰ ਪੜ੍ਹਾਉਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਹੁਣ ਸਰਕਾਰੀ ਸਕੂਲਾਂ ‘ਚ ਛੁੱਟੀਆਂ ਹੋਣ ‘ਤੇ ਹੀ ਅਧਿਆਪਕ ਗਰਮੀਆਂ ਜਾਂ ਸਰਦੀਆਂ ‘ਚ ਵਿਦੇਸ਼ ਛੁੱਟੀ ਲਈ ਅਪਲਾਈ ਕਰ ਸਕਦੇ ਹਨ। ਸਿੱਖਿਆ ਵਿਭਾਗ ਨੇ ਇਹ ਫੈਸਲਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਲਿਆ ਹੈ।
ਸਰਕਾਰ ਨੇ ਇਹ ਕਦਮ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਅਤੇ ਬੱਚਿਆਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਚੁੱਕਿਆ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਜੇਕਰ ਅਧਿਆਪਕ ਪੜ੍ਹਾਈ ਦੇ ਦਿਨਾਂ ਵਿੱਚ ਇੰਨੀ ਲੰਬੀ ਛੁੱਟੀ ਲੈ ਲੈਣ ਤਾਂ ਬੱਚੇ ਚੰਗੀ ਤਰ੍ਹਾਂ ਪੜ੍ਹਾਈ ਕਿਵੇਂ ਕਰ ਸਕਣਗੇ। ਅਧਿਆਪਕਾਂ ਦੀ ਘਾਟ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋਵੇਗੀ।
ਇਹ ਹੁਕਮ ਸਿੱਖਿਆ ਵਿਭਾਗ ਵੱਲੋਂ ਸਮੂਹ ਸਰਕਾਰੀ ਅਧਿਆਪਕਾਂ ਲਈ ਜਾਰੀ ਕੀਤਾ ਗਿਆ ਹੈ। ਸਿੱਖਿਆ ਵਿਭਾਗ ਦੇ ਇਹ ਪੱਤਰ ਲੁਧਿਆਣਾ ਦੇ ਸਾਰੇ ਸਰਕਾਰੀ ਸਕੂਲਾਂ ਨੂੰ ਭੇਜ ਦਿੱਤੇ ਗਏ ਹਨ। ਜਿਸ ਤਹਿਤ ਹੁਣ ਵਿਦਿਆਰਥੀਆਂ ਦੀ ਪੜ੍ਹਾਈ ਦੇ ਮੱਦੇਨਜ਼ਰ ਜੇਕਰ ਕੋਈ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਵਿਦੇਸ਼ ਜਾਣ ਲਈ ਵਿਭਾਗ ਤੋਂ ਛੁੱਟੀ ਮੰਗਦਾ ਹੈ ਤਾਂ ਉਸ ਨੂੰ ਛੁੱਟੀ ਨਹੀਂ ਮਿਲੇਗੀ।