ਚੰਡੀਗੜ੍ਹ, 15 ਅਕਤੂਬਰ 2022 – ਜੇਲ੍ਹਾਂ ‘ਚ ਚੱਲ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ, ਮੋਬਾਇਲ ਮਿਲਣਾ, ਗੈਂਗਸਟਰ ਕੁਨੈਕਸ਼ਨ, ਨਸ਼ੇ ਦੀ ਸਪਾਲਈ ਹੋਣਾ ਆਦਿ ਮੁੱਦਿਆਂ ‘ਤੇ ਜਦੋਂ ਤੋਂ ਆਪ ਸਰਕਾਰ ਬਣੀ ਹੈ, ਵਿਰੋਧੀਆਂ ਵੱਲੋਂ ਲਗਾਤਾਰ ਘੇਰੀ ਜਾ ਹਰੀ ਹੈ। ਜਿਸ ‘ਤੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹਰ ਜੇਲ੍ਹ ‘ਚ ਮੋਬਾਈਲ ਜੈਮਰ ਲਗਾਉਣਾ ਸੰਭਵ ਨਹੀਂ, ਇਸ ਲਈ ਸਕੈਨਰ ਲਗਾਵਾਂਗੇ ਨਾਲੇ ਸੀਸੀਟੀਵੀ ਕੰਟਰੋਲ ਰੂਮ ਬਣਾਵਾਂਗੇ ਤਾਂ ਜੋ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਿਆ ਜਾ ਸਕੇ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਸਾਡੀ ਸਰਕਾਰ ਇਸ ਪਾਸੇ ਠੋਸ ਕਦਮ ਚੁੱਕ ਰਹੀ ਹੈ। ਜੇਲ੍ਹਾਂ ਵਿੱਚੋਂ 3500 ਤੋਂ ਵੱਧ ਮੋਬਾਈਲ ਬਰਾਮਦ ਹੋਏ ਹਨ। ਹੁਣ ਸਾਡੀ ਸਰਕਾਰ ਹਰ ਜੇਲ੍ਹ ਵਿੱਚ ਬਾਡੀ ਸਕੈਨਰ ਲਗਾਉਣ ਜਾ ਰਹੀ ਹੈ। ਉਹ ਵੀ ਹਰ ਜੇਲ੍ਹ ਵਿੱਚ ਇੱਕ ਨਹੀਂ ਬਲਕਿ ਦੋ ਸਕੈਨਰ ਹੋਣਗੇ, ਜਿਸ ਨਾਲ ਜੋ ਵੀ ਵਿਅਕਤੀ ਸਿਰਫ਼ ਸਕੈਨਰ ਰਾਹੀਂ ਜੇਲ੍ਹ ਵਿੱਚ ਦਾਖ਼ਲ ਹੁੰਦਾ ਹੈ, ਭਾਵੇਂ ਉਹ ਨਸ਼ਾ ਜਾਂ ਮੋਬਾਈਲ ਜੇਲ੍ਹ ਵਿੱਚ ਲਿਜਾਣਾ ਚਾਹੁੰਦਾ ਹੋਵੇ, ਉਸ ਨੂੰ ਫੜ ਲਿਆ ਜਾਵੇਗਾ।
ਸਾਫਟਵੇਅਰ ਮਾਹਿਰਾਂ ਨਾਲ ਗੱਲ ਕੀਤੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਹਰ ਜੇਲ ਵਿਚ ਮੋਬਾਈਲ ਜੈਮਰ ਲਗਾਉਣਾ ਸੰਭਵ ਨਹੀਂ ਹੈ, ਕਿਉਂਕਿ ਇਸ ਨਾਲ ਆਲੇ-ਦੁਆਲੇ ਦੀ ਆਬਾਦੀ ਪ੍ਰਭਾਵਿਤ ਹੁੰਦੀ ਹੈ, ਇਸ ਲਈ ਅਸੀਂ ਬਾਡੀ ਸਕੈਨਰ ਲਗਾ ਕੇ ਮੋਬਾਈਲ ‘ਤੇ ਪਾਬੰਦੀ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਜੇਲ੍ਹ ਵਿੱਚ ਇੱਕ ਸੀਸੀਟੀਵੀ ਕੰਟਰੋਲ ਰੂਮ ਬਣਾਇਆ ਜਾਵੇਗਾ ਤਾਂ ਜੋ 24 ਘੰਟੇ ਜੇਲ੍ਹ ਦੇ ਹਰ ਕੋਨੇ ‘ਤੇ ਨਜ਼ਰ ਰੱਖੀ ਜਾ ਸਕੇ।
ਬੈਂਸ ਨੇ ਕਿਹਾ ਸਾਡੀ ਸਰਕਾਰ ਦੇ ਗੈਂਗਸਟਰਾਂ ਲਈ ਇਕਸਾਰ ਨਿਯਮ ਹਨ, ਕਿਸੇ ਨੂੰ ਵੀਆਈਪੀ ਟ੍ਰੀਟਮੈਂਟ ਨਹੀਂ ਦਿੱਤਾ ਜਾਵੇਗਾ, ਚਾਹੇ ਕੋਈ ਵੀ ਹੋਵੇ।