ਗੁਰਦਾਸਪੁਰ, 22 ਜੁਲਾਈ 2022 – ਸਿੱਧੂ ਮੂਸੇਵਾਲਾ ਦੇ ਕਾਤਲਾਂ ਵਿੱਚੋਂ ਇੱਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਵੀਰਵਾਰ ਨੂੰ ਅੰਮ੍ਰਿਤਸਰ ਦੀ ਬਾਬਾ ਬਕਾਲਾ ਸਾਹਿਬ ਅਦਾਲਤ ਤੋਂ ਗੁਰਦਾਸਪੁਰ ਭੇਜ ਦਿੱਤਾ ਗਿਆ। ਜੱਗੂ ਨੂੰ ਵੀਰਵਾਰ ਸ਼ਾਮ ਨੂੰ ਹੀ ਗੁਰਦਾਸਪੁਰ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ 6 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਡੀਐਸਪੀ ਗੁਰਦਾਸਪੁਰ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜੱਗੂ ਨੂੰ 307, ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਰਿਮਾਂਡ ’ਤੇ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਜੱਗੂ ਨੂੰ ਵੀ ਲਾਰੈਂਸ ਵਾਂਗ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ, ਜਿੱਥੋਂ ਜੱਗੂ ਨੂੰ ਪਹਿਲਾਂ ਮਾਨਸਾ ਪੁਲੀਸ ਅਤੇ ਫਿਰ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਰਿਮਾਂਡ ’ਤੇ ਲਿਆ ਸੀ। ਜੱਗੂ ਨੂੰ ਵੀਰਵਾਰ ਬਾਅਦ ਦੁਪਹਿਰ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਗੁਰਦਾਸਪੁਰ ਪੁਲੀਸ ਨੇ ਜੱਗੂ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ। ਇਸ ਤੋਂ ਬਾਅਦ ਪੁਲਸ ਜੱਗੂ ਨੂੰ ਗੁਰਦਾਸਪੁਰ ਲੈ ਗਈ ਅਤੇ ਉਥੇ ਅਦਾਲਤ ‘ਚ ਪੇਸ਼ ਕੀਤਾ ਗਿਆ। ਗੁਰਦਾਸਪੁਰ ਦੀ ਅਦਾਲਤ ਨੇ ਜੱਗੂ ਨੂੰ 6 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।
ਡੀਐਸਪੀ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਜੱਗੂ ਨੂੰ ਗੁਰਦਾਸਪੁਰ ਦੇ ਕਲਾਨੌਰ ਥਾਣੇ ਵਿੱਚ ਦਰਜ ਇੱਕ ਕੇਸ ਵਿੱਚ ਰਿਮਾਂਡ ’ਤੇ ਲਿਆ ਗਿਆ ਹੈ। ਆਈਪੀਸੀ 307, ਐਨਡੀਪੀਐਸ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬੀਐਸਐਫ ਅਤੇ ਪੁਲੀਸ ਨੇ ਸਰਹੱਦੀ ਖੇਤਰ ਕਲਾਨੌਰ ਤੋਂ 53 ਕਿਲੋ ਹੈਰੋਇਨ ਬਰਾਮਦ ਕੀਤੀ ਸੀ। ਇਸ ਦੌਰਾਨ ਬੀਐਸਐਫ ਨਾਲ ਮੁੱਠਭੇੜ ਵਿੱਚ ਕਰਾਸ ਫਾਇਰਿੰਗ ਵੀ ਹੋਈ ਸੀ।