ਨਵੀਂ ਦਿੱਲੀ, 15 ਜੂਨ, 2022 – ਇਸ ਸਾਲ ਨਵੀਂ ਦਿੱਲੀ ਦੇ ਮੋਹਨ ਗਾਰਡਨ ਥਾਣੇ ਵਿੱਚ ਦਰਜ ਹੋਏ ਅਸਲਾ ਐਕਟ ਦੇ ਇੱਕ ਪੁਰਾਣੇ ਕੇਸ ਵਿੱਚ ਪਟਿਆਲਾ ਹਾਊਸ ਕੋਰਟ ਨੇ ਬੁੱਧਵਾਰ ਨੂੰ ਗੈਂਗਸਟਰ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੇ 7 ਦਿਨਾਂ ਦੇ ਪੁਲੀਸ ਰਿਮਾਂਡ ਦੇ ਹੁਕਮ ਦਿੱਤੇ ਹਨ।
ਭਗਵਾਨਪੁਰੀਆ ਨੂੰ ਤਿਹਾੜ ਜੇਲ੍ਹ ਤੋਂ ਡਿਊਟੀ ਐਮ.ਐਮ ਅਨਮ ਰਈਸ ਖਾਨ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੁਲੀਸ ਨੇ ਇਸ ਸਬੰਧ ਵਿੱਚ ਉਸ ਦੇ 10 ਦਿਨ ਦੇ ਰਿਮਾਂਡ ਦੀ ਮੰਗ ਕੀਤੀ ਸੀ।
ਪੁਲਿਸ ਨੇ ਅਦਾਲਤ ਵਿਚ ਦੱਸਿਆ ਕਿ ਉਸ ਦੇ ਖ਼ਿਲਾਫ਼ ਨਵੀਂ ਦਿੱਲੀ ਦੇ ਮੋਹਣ ਗਾਰਡਨ ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਸੀ ਜਿਸ ਵਿਚ ਪੁੱਛ ਪੜਤਾਲ ਕਰਨੀ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਭਗਵਾਨਪੁਰੀਆ ਲਾਰੈਂਸ ਬਿਸ਼ਨੋਈ-ਕਾਲਾ ਜਥੇਦਾਰੀ ਗੈਂਗ ਦੇ ਮੁੱਖ ਅਪਰਾਧੀਆਂ ਵਿੱਚੋਂ ਇੱਕ ਹੈ ਅਤੇ ਜੈਕ ਅਤੇ ਸਾਹਿਲ ਬਿਸ਼ਨੋਈ ਸਮੇਤ ਲੋੜੀਂਦੇ ਗੈਂਗ ਦੇ ਮੈਂਬਰਾਂ ਨੂੰ ਪੰਜਾਬ ਅਤੇ ਰਾਜਸਥਾਨ ਵਿੱਚ ਉਨ੍ਹਾਂ ਦੇ ਛੁਪਣਗਾਹਾਂ ਤੋਂ ਫੜਨ ਅਤੇ ਹੋਰ ਗੈਰ-ਕਾਨੂੰਨੀ ਹਥਿਆਰ / ਗੋਲਾ ਬਾਰੂਦ ਬਰਾਮਦ ਕਰਨ ਲਈ ਉਸ ਕੋਲੋਂ ਪੁੱਛਗਿੱਛ ਕਰਨੀ ਹੈ। ਇਸ ਗੈਰ-ਕਾਨੂੰਨੀ ਹਥਿਆਰਾਂ / ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਸਿੰਡੀਕੇਟ ਦੀ ਪੂਰੀ ਲੜੀ ਦਾ ਪਰਦਾਫਾਸ਼ ਕਰਨ ਲਈ ਉਸਦੀ ਹਿਰਾਸਤ ਦੀ ਲੋੜ ਹੈ।
ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਜੱਗੂਪੁਰੀਆ ਨੂੰ 7 ਦਿਨਾਂ ਦੇ ਰਿਮਾਂਡ ‘ਤੇ ਭੇਜ ਦਿੱਤਾ ਅਤੇ ਉਸ ਨੂੰ 22 ਜੂਨ 2022 ਨੂੰ ਡਿਊਟੀ ਐੱਮ.ਐੱਮ ਅੱਗੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।