ਚੰਡੀਗੜ੍ਹ, 13 ਜੁਲਾਈ 2022 – ਸੰਸਦ ਮੈਂਬਰ ਰਾਘਵ ਚੱਢਾ ਦੀ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਚੇਅਰਮੈਨ ਵਜੋਂ ਨਿਯੁਕਤੀ ਨੂੰ ਲੈ ਕੇ ਸਿਆਸੀ ਖਿੱਚੋਤਾਣ ਸ਼ੁਰੂ ਹੋ ਗਈ ਹੈ। ਇਸ ‘ਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਨੂੰ ਸੋਨੀਆ ਗਾਂਧੀ ਦੀ ਤਰਜ਼ ‘ਤੇ ਸੁਪਰ ਸੀਐਮ ਬਣਾਇਆ ਗਿਆ ਹੈ। ਇਸ ‘ਤੇ ਪੰਜਾਬ ਦੀ ‘ਆਪ’ ਸਰਕਾਰ ‘ਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਤੁਹਾਨੂੰ ਬਾਦਲ ਸਰਕਾਰ ਵਿੱਚ ਕੈਬਨਿਟ ਰੈਂਕ ਵੀ ਮਿਲਿਆ ਹੈ। ਚੱਢਾ ਤਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ।
ਮਨਜਿੰਦਰ ਸਿਰਸਾ ਨੇ ਕਿਹਾ ਕਿ ਇਹ ਪੰਜਾਬ ‘ਤੇ ਵੱਡਾ ਹਮਲਾ ਹੈ। ਰਾਘਵ ਚੱਢਾ ਨੂੰ ਉਸੇ ਤਰ੍ਹਾਂ ਸੁਪਰ ਸੀਐਮ ਬਣਾਇਆ ਗਿਆ ਸੀ ਜਿਵੇਂ ਸੋਨੀਆ ਗਾਂਧੀ ਨੂੰ NAC ਰਾਹੀਂ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਥੋਪਿਆ ਗਿਆ ਸੀ। CM ਭਗਵੰਤ ਮਾਨ ਨੂੰ ਚੇਅਰਮੈਨੀ ਲਈ ਕੋਈ ਪੰਜਾਬੀ ਨਹੀਂ ਲੱਭਿਆ। ਸਿਰਸਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸਿਰਫ਼ 100 ਦਿਨਾਂ ਵਿੱਚ ਹੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਤੇ ਰਾਜ ਕਰਨ ਦੀ ਸਾਜ਼ਿਸ਼ ਸ਼ੁਰੂ ਕਰ ਦਿੱਤੀ ਹੈ।
ਇਸ ਦਾ ਜਵਾਬ ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਿਰਸਾ ਸਾਹਿਬ ਨੂੰ ਭੁੱਲਣ ਦੀ ਆਦਤ ਪੈ ਗਈ ਹੈ। ਉਨ੍ਹਾਂ ਨੂੰ ਬਾਦਲ ਸਰਕਾਰ ਵਿੱਚ ਕੈਬਨਿਟ ਰੈਂਕ ਦਿੱਤਾ ਗਿਆ ਸੀ। ਉਸ ਨੇ ਮੰਤਰੀ ਦੇ ਬਰਾਬਰ ਸਾਰੀਆਂ ਸਹੂਲਤਾਂ ਦੀ ਵਰਤੋਂ ਕੀਤੀ। ਕੀ ਉਸ ਸਮੇਂ ਵੀ ਸਰਕਾਰ ਨੇ ਦਿੱਲੀ ਦੇ ਸਾਹਮਣੇ ਆਤਮ ਸਮਰਪਣ ਕੀਤਾ ਸੀ ?