ਚੰਡੀਗੜ੍ਹ, 27 ਜਨਵਰੀ 2024 – ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਰਾਜਪਾਲ ਬਨਵਾਲੀ ਲਾਲ ਪੁਰੋਹਿਤ ਨੂੰ ਚਿੱਠੀ ਲਿਖ ਕੇ ਆਪ ਸਰਕਾਰ ਦੇ ਮੰਤਰੀ ਖਿਲਾਫ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਕਿ ਆਪ ਦੇ ਇਕ ਆਗੂ ਤੇ ਦੋਸ਼ ਲੱਗ ਰਹੇ ਹਨ ਉਕਤ ਵੱਲੋਂ ਇਕ ਲੋੜਵੰਦ ਮਹਿਲਾ ਦਾ ਜਿਣਸੀ ਸੋਸ਼ਣ ਕੀਤਾ ਗਿਆ ਹੈ।
ਪੱਤਰ ਵਿਚ ਸੁਨੀਲ ਜਾਖੜ ਨੇ ਲਿਖਿਆ ਹੈ ਕਿ ਇਹ ਦੋਸ਼ ਬਹੁਤ ਹੀ ਗੰਭੀਰ ਹਨ ਤੇ ਇੰਨ੍ਹਾਂ ਦੀ ਸਮਾਂਬੱਧ ਤੇ ਨਿਰਪੱਖ ਜਾਂਚ ਅਤਿ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਸੱਤਾ ਦੇ ਹੰਕਾਰ ਵਿਚ ਚੂਰ ਭਗਵੰਤ ਮਾਨ ਸਰਕਾਰ ਆਪਣੀ ਅਲੋਚਣਾ ਸੁਣਨੀ ਪਸੰਦ ਨਹੀਂ ਕਰਦੀ ਹੈ ਅਤੇ ਇਸ ਨੇ ਲੋਕਾਂ ਦਾ ਭਰੋਸਾ ਗੁਆ ਲਿਆ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਇਸਤੋਂ ਪਹਿਲਾਂ ਵੀ ਇਸ ਸਰਕਾਰ ਦੇ ਇਕ ਮੰਤਰੀ ਤੇ ਇਕ ਨਾਬਾਲਿਗ ਦੇ ਜਿਣਸੀ ਸੋਸ਼ਣ ਦੇ ਦੋਸ਼ ਲੱਗੇ ਸਨ ਤਾਂ ਜਾਂਚ ਤੋਂ ਪਹਿਲਾਂ ਹੀ ਮੁੱਖ ਮੰਤਰੀ ਨੇ ਉਸਨੂੰ ਕਲੀਨ ਚਿੱਟ ਦੇ ਕੇ ਜਾਂਚ ਨੂੰ ਨਿਰਾਰਥਕ ਕਰ ਦਿੱਤਾ ਸੀ।
ਉਕਤ ਕੇਸ ਵੀ ਆਪ ਜੀ ਦੇ ਦਫ਼ਤਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਆਪ ਵੱਲੋਂ ਜਾਂਚ ਦੇ ਹੁਕਮ ਵੀ ਦਿੱਤੇ ਗਏ ਸਨ ਪਰ ਸਰਕਾਰ ਨੇ ਕੁਝ ਨਹੀਂ ਕੀਤਾ ਸਗੋਂ ਪੀੜਤ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਗਿਆ।ਉਨ੍ਹਾਂ ਨੇ ਪੱਤਰ ਵਿਚ ਚਿੰਤਾ ਪ੍ਰਗਟਾਈ ਹੈ ਕਿ ਜਿਵੇਂ ਪੁਰਾਣੇ ਕੇਸ ਵਿਚ ਪੀੜਤ ਨੂੰ ਡਰਾ ਧਮਕਾ ਕੇ ਚੁੱਪ ਕਰਵਾ ਦਿੱਤਾ ਕਿਤੇ ਇਸ ਕੇਸ ਵਿਚ ਵੀ ਪੀੜਤ ਨਾਲ ਅਜਿਹਾ ਹੀ ਨਾ ਹੋਵੇ ਜੋਕਿ ਇਕ ਮਹਿਲਾ ਹੈ।
ਭਾਜਪਾ ਪ੍ਰਧਾਨ ਨੇ ਪੱਤਰ ਵਿਚ ਮੰਗ ਕੀਤੀ ਕਿ ਉਪਰੋਕਤ ਤੱਥਾ ਦੇ ਮੱਦੇਨਜਰ ਇਸ ਕੇਸ ਦੀ ਨਿਰਪੱਖ ਤੇ ਸਮਾਂਬੱਧ ਜਾਂਚ ਹੋਵੇ ਅਤੇ ਜੇਕਰ ਦੋਸ਼ਾਂ ਵਿਚ ਸੱਚਾਈ ਪਾਈ ਜਾਵੇ ਤਾਂ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਵੇ ਤਾਂ ਜੋ ਸਰਕਾਰੀ ਵਿਵਸਥਾ ਵਿਚ ਲੋਕਾਂ ਦਾ ਵਿਸਵਾਸ ਬਣਿਆ ਰਹੇ। ਉਨ੍ਹਾਂ ਰਾਜਪਾਲ ਤੋਂ ਨਿੱਜੀ ਦਖਲ ਮੰਗਦਿਆਂ ਲਿਖਿਆ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪੀੜਤ ਨਾਲ ਜਿਆਦਤੀ ਨਾ ਹੋਵੇ ਅਤੇ ਸ਼ਕਤੀਸਾਲੀ ਮੰਤਰੀ ਦੇ ਪ੍ਰਭਾਵ ਵਿਚ ਉਸਦੀ ਅਵਾਜ ਬੰਦ ਨਾ ਕਰ ਦਿੱਤੀ ਜਾਵੇ।
ਜਾਖੜ ਨੇ ਲਿਖਿਆ ਹੈ ਕਿ ਇਸ ਡਰ ਤੇ ਭੈਅ ਦੇ ਵਾਤਾਵਰਨ ਵਿਚ ਇਸ ਸਰਕਾਰ ਨੂੰ ਯੋਗ ਦਿਸ਼ਾ ਨਿਰਦੇਸ਼ ਦਿੱਤੇ ਜਾਣ ਅਤੇ ਉਕਤ ਕੇਸ ਦੀ ਜਾਂਚ ਜਲਦ ਤੋਂ ਜਲਦ ਕਰਵਾਈ ਜਾਵੇ ਤਾਂ ਕਿ ਜਨਤਕ ਜੀਵਨ ਵਿਚ ਉਚ ਨੈਤਿਕ ਕਦਰਾਂ ਕੀਮਤਾਂ ਦੀ ਰਾਖੀ ਕੀਤੀ ਜਾ ਸਕੇ।