- ਭਾਜਪਾ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਨੇ ਸੁਨੀਲ ਜਾਖੜ ਦੀ ਅਪਮਾਨਜਨਕ ਟਿੱਪਣੀ ਖਿਲਾਫ ਸਖਤ ਕਾਰਵਾਈ ਦੀ ਮੰਗ ਉਠਾਈ
ਚੰਡੀਗੜ੍ਹ, 9 ਅਪ੍ਰੈਲ 2022 – ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਵਿਰੋਧੀ ਬਿਆਨ ਨੂੰ ਲੈ ਕੇ ਅਨੁਸੂਚਿਤ ਸਮਾਜ ਵਿੱਚ ਰੋਸ ਦੀ ਲਹਿਰ ਹੈ। ਇਸ ਮਾਮਲੇ ਸਬੰਧੀ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੀ ਇੱਕ ਵਿਸ਼ੇਸ਼ ਮੀਟਿੰਗ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਅਟਵਾਲ ਦੀ ਪ੍ਰਧਾਨਗੀ ਹੇਠ ਭਾਜਪਾ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਹੋਈ। ਇਸ ਮੀਟਿੰਗ ਵਿੱਚ ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਜਨਰਲ ਸਕੱਤਰ ਸੰਜੇ ਨਿਰਮਲ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਉਨ੍ਹਾਂ ਨਾਲ ਮੰਚ ’ਤੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ, ਭਾਜਪਾ ਅਨੁਸੂਚਿਤ ਜਾਤੀ ਮੋਰਚਾ ਦੇ ਕੌਮੀ ਸਕੱਤਰ ਸੰਤੋਖ ਸਿੰਘ ਗੁਮਟਾਲਾ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਸੂਬਾ ਅਹੁਦੇਦਾਰਾਂ, ਵਿਧਾਨ ਸਭਾ ਉਮੀਦਵਾਰਾਂ, ਜ਼ਿਲ੍ਹਾ ਪ੍ਰਧਾਨਾਂ ਆਦਿ ਨੇ ਸ਼ਮੂਲੀਅਤ ਕੀਤੀ।
ਸੰਜੇ ਨਿਰਮਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਸੁਨੀਲ ਝੱਖੜ ਵੱਲੋਂ ਕੀਤੀ ਟਿੱਪਣੀ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਕਾਂਗਰਸ ਦੇ ਉੱਚ ਅਹੁਦਿਆਂ ’ਤੇ ਕਾਬਜ਼ ਲੋਕਾਂ ਦੀ ਮਾਨਸਿਕਤਾ ਹਮੇਸ਼ਾ ਹੀ ਦਲਿਤ ਵਿਰੋਧੀ ਰਹੀ ਹੈ। ਕਾਂਗਰਸ ਨੇ ਹਮੇਸ਼ਾ ਦਲਿਤਾਂ ਨੂੰ ਆਪਣੇ ਵੋਟ ਬੈਂਕ ਵਜੋਂ ਵਰਤਿਆ ਹੈ ਅਤੇ ਆਪਣਾ ਮਤਲਬ ਨਿਕਲਣ ‘ਤੋਂ ਬਾਅਦ ਉਨ੍ਹਾਂ ਨੂੰ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਰਿਹਾ ਹੈ।
ਸੁਨੀਲ ਜਾਖੜ ਵੱਲੋਂ ਕੀਤੀ ਗਈ ਟਿੱਪਣੀ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਦੇ ਉੱਚ ਅਹੁਦਿਆਂ ‘ਤੇ ਬੈਠੇ ਲੋਕ ਅੱਜ ਵੀ ਜਾਗੀਰਦਾਰੀ ਮਾਨਸਿਕਤਾ ਦਾ ਸ਼ਿਕਾਰ ਹਨ। ਅੱਜ ਵੀ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਅਨੁਸੂਚਿਤ ਜਾਤੀਆਂ ਬਹੁ-ਗਿਣਤੀ ਨਾਲ ਕਾਂਗਰਸ ਪੱਖੀ ਹਨ, ਪਰ ਕਾਂਗਰਸ ਦੇ ਲੋਕ ਇਸ ਵਰਗ ਨੂੰ ਬਣਦਾ ਮਾਣ-ਸਨਮਾਨ ਅਤੇ ਅਗਵਾਈ ਦੇਣ ਵਿੱਚ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੰਦੇ ਰਹੇ ਹਨ ਅਤੇ ਦੇ ਰਹੇ ਹਨ। ਪਰ ਭਾਰਤੀ ਜਨਤਾ ਪਾਰਟੀ ਨੇ ਹਮੇਸ਼ਾ ਦਲਿਤਾਂ ਨੂੰ ਉਹਨਾਂ ਦਾ ਬਣਦਾ ਮਾਨ-ਸਨਮਾਨ ਦਿੱਤਾ ਹੈ।
ਰਾਜੇਸ਼ ਬਾਗਾ ਨੇ ਸੁਨੀਲ ਜਾਖੜ ਵੱਲੋਂ ਕੀਤੀਆਂ ਦਲਿਤ ਵਿਰੋਧੀ ਟਿੱਪਣੀਆਂ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਇਹ ਕਾਂਗਰਸ ਦੀ ਦਲਿਤ ਵਿਰੋਧੀ ਸੋਚ ਦਾ ਹੀ ਨਤੀਜਾ ਹੈ ਕਿ ਉਨ੍ਹਾਂ ਦੇ ਆਗੂਆਂ ਵਿੱਚ ਦਲਿਤਾਂ ਪ੍ਰਤੀ ਅਜਿਹੀ ਹੀਣ ਭਾਵਨਾ ਹੈ। ਜਾਖੜ ਦੀ ਇਸ ਟਿੱਪਣੀ ਨਾਲ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਫਿਰ ਤੋਂ ਉਜਾਗਰ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਹੀ ਅਜਿਹੀ ਪਾਰਟੀ ਹੈ ਜੋ ਅਨੁਸੂਚਿਤ ਜਾਤੀਆਂ ਨੂੰ ਉੱਚ ਅਹੁਦਿਆਂ ‘ਤੇ ਥਾਂ ਦਿੰਦੀ ਹੈ। ਰਾਜਨੀਤੀ ਦੇ ਨਾਲ-ਨਾਲ ਭਾਜਪਾ ਸਮਾਜਿਕ ਸਦਭਾਵਨਾ ਅਤੇ ਸਮਾਜਿਕ ਨਿਆਂ ਲਈ ਲਗਾਤਾਰ ਕੰਮ ਕਰਦੀ ਰਹਿੰਦੀ ਹੈ। ਸੰਗਠਨ ਵਿੱਚ ਵੀ ਪੂਰੀ ਨੁਮਾਇੰਦਗੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੁਨੀਲ ਜਾਖੜ ਦੀ ਅਪਮਾਨਜਨਕ ਟਿੱਪਣੀ ‘ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਇਸ ਅਪਮਾਨ ਲਈ ਅਨੁਸੂਚਿਤ ਜਾਤੀ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।
ਅਨੁਸੂਚਿਤ ਜਾਤੀ ਮੋਰਚਾ ਦੀ ਇਸ ਮੀਟਿੰਗ ਵਿੱਚ ਸਮੂਹ ਵਰਕਰਾਂ ਵੱਲੋਂ ਸੁਨੀਲ ਜਾਖੜ ਦੀ ਅਪਮਾਨਜਨਕ ਟਿੱਪਣੀ ਵਿਰੁੱਧ ਨਿੰਦਾ ਮਤਾ ਵੀ ਪਾਸ ਕੀਤਾ ਗਿਆ। ਇਸ ਮੌਕੇ ਮੋਰਚੇ ਦੇ ਸੂਬਾ ਜਨਰਲ ਸਕੱਤਰ ਮੋਹਿਤ ਭਾਰਦਵਾਜ, ਮੋਰਚੇ ਦੇ ਸਾਬਕਾ ਸੂਬਾ ਪ੍ਰਧਾਨ ਡਾ: ਦਿਲਬਾਗ ਰਾਏ ਆਦਿ ਹਾਜ਼ਰ ਸਨ।