ਜਲੰਧਰ, 9 ਮਈ 2023 – ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਪ੍ਰਚਾਰ ਦਾ ਅੱਜ 9 ਮਈ ਨੂੰ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਕੱਲ੍ਹ 10 ਮਈ ਨੂੰ ਜਲੰਧਰ ਲੋਕ ਸਭਾ ਹਲਕੇ ਲਈ ਵੋਟਾਂ ਪੈਣਗੀਆਂ।
ਤੁਹਾਨੂੰ ਦੱਸ ਦਈਏ ਕਿ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਮੌਤ ਤੋਂ ਬਾਅਦ ਜਲੰਧਰ ਲੋਕ ਸਭਾ ਸੀਟ ਖਾਲੀ ਹੋ ਗਈ ਸੀ। ਜਿਸ ਦੇ ਲਈ ਹੁਣ 10 ਮਈ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਜਲੰਧਰ ਲੋਕ ਸਭਾ ਹਲਾਕੇ ਲਈ 19 ਉਮੀਦਵਾਰ ਮੈਦਾਨ ਵਿੱਚ ਹਨ। ਸ਼ੁਰੂਆਤ ‘ਚ ਰਾਸ਼ਟਰੀ, ਖੇਤਰੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਕੁੱਲ 31 ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਉਸ ਤੋਂ ਬਾਅਦ ਛਾਂਟੀ ਪ੍ਰਕਿਰਿਆ ਅਤੇ ਨਾਮਜ਼ਦਗੀਆਂ ਵਾਪਸ ਲੈਣ ਤੋਂ ਬਾਅਦ ਹੁਣ 19 ਉਮੀਦਵਾਰ ਮੈਦਾਨ ਵਿੱਚ ਹਨ।
ਵੱਡੀਆਂ ਪਾਰਟੀਆਂ ‘ਚੋਂ ‘ਆਪ’ ਦੇ ਸੁਸ਼ੀਲ ਰਿੰਕੂ, ਕਾਂਗਰਸ ਦੇ ਸੰਸਦ ਮੈਂਬਰ ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ, ਭਾਜਪਾ ਦੇ ਇੰਦਰ ਇਕਬਾਲ ਅਟਵਾਲ ਅਤੇ ਅਕਾਲੀ ਦਲ ਦੇ ਡਾ: ਸੁਖਵਿੰਦਰ ਸੁੱਖੀ ਚੋਣ ਮੈਦਾਨ ‘ਚ ਹਨ। ਜਲੰਧਰ ਲੋਕ ਸਭਾ ਸੀਟ ‘ਤੇ ਕੁੱਲ 16 ਲੱਖ 21 ਹਜ਼ਾਰ 800 ਵੋਟਰ ਹਨ ਜੋ ਕੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ 9 ਅਤੇ 10 ਮਈ ਨੂੰ ਜਲੰਧਰ ਦੇ ਸਾਰੇ ਸਕੂਲ ਅਤੇ ਕਾਲਜ ਬੰਦ ਰਹਿਣਗੇ। ਬਿਨਾਂ ਇਸ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 10 ਮਈ 2023 ਨੂੰ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਤਹਿਤ ਵੀ ਇਹ ਛੁੱਟੀ ਐਲਾਨੀ ਗਈ ਹੈ।