- ਕਾਂਗਰਸ, ਆਪ, ਅਕਾਲੀ ਦਲ ਤੇ ਭਾਜਪਾ ਵਿਚਾਲੇ ਮੁੱਖ ਮੁਕਾਬਲਾ
ਜਲੰਧਰ, 13 ਮਈ 2023 – ਜਲੰਧਰ ਦਾ ਨਵਾਂ ਸਾਂਸਦ ਕੌਣ ਹੋਵੇਗਾ, ਇਸ ਦਾ ਫੈਸਲਾ ਅੱਜ ਆ ਜਾਵੇਗਾ। 10 ਮਈ ਨੂੰ ਵੋਟਾਂ ਪੈਣ ਤੋਂ ਬਾਅਦ 13 ਮਈ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ। ਕੁੱਝ ਹੀ ਦੇਤ ਤੱਕ ਵੋਟਾਂ ਦੇ ਰੁਝਾਨ ਸੁਣੇ ਸ਼ੁਰੂ ਹੋ ਜਾਣਗੇ। ਵੋਟਾਂ ਦੀ ਗਿਣਤੀ ਲਈ ਜਲੰਧਰ ਦੇ ਕਪੂਰਥਲਾ ਰੋਡ ‘ਤੇ ਸਥਿਤ ਡਾਇਰੈਕਟਰ ਲੈਂਡ ਰਿਕਾਰਡ ਅਤੇ ਸਪੋਰਟਸ ਕਾਲਜ ਕੰਪਲੈਕਸ ਨੂੰ ਗਿਣਤੀ ਕੇਂਦਰ ਬਣਾਇਆ ਗਿਆ ਹੈ।
ਵੋਟਿੰਗ ਤੋਂ ਬਾਅਦ ਸਾਰੀਆਂ ਈਵੀਐਮ ਅਤੇ ਵੀਵੀਪੀਏਟੀ ਮਸ਼ੀਨਾਂ ਨੂੰ ਇੱਥੇ ਸਟਰਾਂਗ ਰੂਮ ਵਿੱਚ ਰੱਖਿਆ ਗਿਆ ਸੀ। ਜਿਸ ਦੇ ਆਲੇ-ਦੁਆਲੇ ਥ੍ਰੀ-ਲੇਅਰ ਸੁਰੱਖਿਆ ਲਗਾਈ ਗਈ ਹੈ। ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੜਬੜੀ ਤੋਂ ਬਚਣ ਲਈ ਪੰਜਾਬ ਪੁਲਿਸ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਜਵਾਨ ਵੀ ਇੱਥੇ ਤਾਇਨਾਤ ਕੀਤੇ ਗਏ ਹਨ।
ਜਲੰਧਰ ਲੋਕ ਸਭਾ ਸੀਟ ‘ਤੇ ਚਹੁੰਕੋਣੀ ਮੁਕਾਬਲਾ ਹੈ। ਇਨ੍ਹਾਂ ਵਿੱਚ ਆਮ ਆਦਮੀ ਪਾਰਟੀ (ਆਪ) ਤੋਂ ਸੁਸ਼ੀਲ ਰਿੰਕੂ, ਕਾਂਗਰਸ ਤੋਂ ਕਰਮਜੀਤ ਕੌਰ ਚੌਧਰੀ, ਭਾਜਪਾ ਤੋਂ ਇੰਦਰ ਇਕਬਾਲ ਸਿੰਘ ਅਟਵਾਲ ਅਤੇ ਅਕਾਲੀ ਦਲ-ਬਸਪਾ ਗੱਠਜੋੜ ਤੋਂ ਡਾ: ਸੁਖਵਿੰਦਰ ਸੁੱਖੀ ਸ਼ਾਮਲ ਹਨ। ਸੁਸ਼ੀਲ ਰਿੰਕੂ ਕਾਂਗਰਸ ਤੋਂ ਵਿਧਾਇਕ ਰਹੇ ਹਨ, ‘ਆਪ’ ਨੇ ਉਨ੍ਹਾਂ ਨੂੰ ਪਾਰਟੀ ‘ਚ ਲਿਆ ਕੇ ਟਿਕਟ ਦਿੱਤੀ ਸੀ। ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਇਸੇ ਸੀਟ ਤੋਂ ਦੋ ਵਾਰ ਚੁਣੇ ਗਏ ਸੰਤੋਖ ਸਿੰਘ ਚੌਧਰੀ ਦੀ ਪਤਨੀ ਹੈ। ਇੰਦਰ ਇਕਬਾਲ ਅਟਵਾਲ ਅਕਾਲੀ ਦਲ ਤੋਂ ਵਿਧਾਇਕ ਰਹਿ ਚੁੱਕੇ ਹਨ, ਭਾਜਪਾ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕਰਕੇ ਟਿਕਟ ਦਿੱਤੀ ਸੀ। ਅਕਾਲੀ ਉਮੀਦਵਾਰ ਸੁਖਵਿੰਦਰ ਸਿੰਘ ਸੁੱਖੀ ਬੰਗਾ ਤੋਂ ਅਕਾਲੀ ਵਿਧਾਇਕ ਹਨ। ਇਸ ਸੀਟ ਲਈ ਕੁੱਲ 19 ਉਮੀਦਵਾਰ ਮੈਦਾਨ ਵਿੱਚ ਹਨ।