ਜਲੰਧਰ, 11 ਜੁਲਾਈ 2023 – ਫਿਲੌਰ ਨੇੜੇ ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡ ਖਹਿਰਾ ‘ਚ ਫਸੇ ਲੋਕਾਂ ਨੂੰ ਕੱਢਣ ਲਈ ਸੰਸਦ ਮੈਂਬਰ ਸੁਸ਼ੀਲ ਰਿੰਕੂ ਡੀਸੀ ਵਿਸ਼ੇਸ਼ ਸਾਰੰਗਲ ਅਤੇ ਐੱਸਐੱਸਪੀ ਦੇਹਾਤ ਮੁਖਵਿੰਦਰ ਸਿੰਘ ਭੁੱਲਰ ਸਮੇਤ ਐਨਡੀਆਰਐੱਫ ਟੀਮ ਜਲੰਧਰ ਪੁੱਜੀ। ਸੰਸਦ ਮੈਂਬਰ ਖੁਦ ਅਧਿਕਾਰੀਆਂ ਸਮੇਤ ਮੋਟਰ ਵੋਟ ‘ਚ ਬੈਠ ਪ੍ਰਭਾਵਿਤ ਲੋਕਾਂ ਕੋਲ ਪਹੁੰਚੇ ਅਤੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਬਜ਼ੁਰਗਾਂ ਸਮੇਤ ਕੁਝ ਲੋਕ ਪਿੰਡ ਛੱਡਣਾ ਨਹੀਂ ਚਾਹੁੰਦੇ ਸਨ। ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਸੰਸਦ ਮੈਂਬਰ ਨੇ ਬੜੀ ਮੁਸ਼ਕਲ ਨਾਲ ਉਨ੍ਹਾਂ ਨੂੰ ਮਨਾ ਕੇ ਉਨ੍ਹਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ। ਖਹਿਰਾ ਪਿੰਡ ਸਤਲੁਜ ਦੇ ਵਹਾਅ ਨੂੰ ਆਬਾਦੀ ਵੱਲ ਆਉਣ ਤੋਂ ਰੋਕਣ ਲਈ ਬਣਾਏ ਗਏ ਧੁੱਸੀ ਬੰਨ੍ਹ ਦੇ ਨੇੜੇ ਹੈ। ਸਤਲੁਜ ਵਿੱਚ ਪਾਣੀ ਦਾ ਪੱਧਰ ਅਚਾਨਕ ਵਧਣ ਕਾਰਨ ਇਹ ਪਾਣੀ ਧੁੱਸੀ ਬੰਨ੍ਹ ਤੋਂ ਲੰਘ ਕੇ ਪਿੰਡ ਵਿੱਚ ਪੁੱਜ ਗਿਆ। ਪਿੰਡ ਚਾਰੋਂ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਹੈ।
ਸੁਸ਼ੀਲ ਰਿੰਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਲਾਈਵ ਹੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਹਾਲਤ ਵੀ ਦਿਖਾਈ। ਉਨ੍ਹਾਂ ਕਿਹਾ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਘਰ-ਘਰ ਪੈਕਡ ਫੂਡ ਮੁਹੱਈਆ ਕਰਵਾਇਆ ਜਾ ਰਿਹਾ ਹੈ। ਲੋਕਾਂ ਨੂੰ ਘਰੋਂ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਮੁੱਚੀ ਸਰਕਾਰ ਪੀੜਤਾਂ ਦੇ ਨਾਲ ਹੈ।