ਜਲੰਧਰ, 11 ਅਕਤੂਬਰ 2024 – ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਜਲੰਧਰ ‘ਚ ਜਾਅਲੀ ਡਿਗਰੀ ਵਾਲੇ ਗਿਰੋਹ ਨੂੰ ਫੜਨ ਵਾਲੇ ਪੁਲਿਸ ਥਾਣਾ ਇੰਚਾਰਜ ਅਤੇ ਚੌਕੀ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਹੈ। ਮਾਮਲੇ ਵਿੱਚ ਅਣਗਹਿਲੀ ਵਰਤਣ ਅਤੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਰਵੱਈਆ ਨਾ ਦਿਖਾਉਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਥਾਣਾ ਸਦਰ ਅਤੇ ਚੌਕੀ ਜਲੰਧਰ ਹਾਈਟਸ ਦੇ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਲੰਧਰ ਹਾਈਟਸ ਚੌਕੀ ਦੇ ਇੰਚਾਰਜ ਨੇ ਇੱਕ ਵੱਡੇ ਫਰਜ਼ੀ ਡਿਗਰੀ ਵਾਲੇ ਗਿਰੋਹ ਨੂੰ ਫੜਿਆ ਸੀ। ਮਾਮਲਾ ਜਲੰਧਰ ਹਾਈਟਸ ਚੌਕੀ ਥਾਣਾ ਸਦਰ ਅਧੀਨ ਆਉਂਦਾ ਹੈ। ਸੀ.ਪੀ.ਸ਼ਰਮਾ ਨੂੰ ਜਦੋਂ ਪਤਾ ਲੱਗਾ ਕਿ ਉਕਤ ਮਾਮਲੇ ‘ਚ ਅਣਗਹਿਲੀ ਵਰਤੀ ਗਈ ਹੈ ਤਾਂ ਉਨ੍ਹਾਂ ਦੋਵਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪੁਲੀਸ ਨੇ ਕੁਝ ਦਿਨ ਪਹਿਲਾਂ ਕਾਰਵਾਈ ਕਰਦਿਆਂ ਬੱਸ ਸਟੈਂਡ ਨੇੜੇ ਸਥਿਤ ਇੱਕ ਸ਼ੈੱਡ ਵਿੱਚੋਂ ਫਰਜ਼ੀ ਡਿਗਰੀਆਂ ਅਤੇ ਵੱਖ-ਵੱਖ ਤਰ੍ਹਾਂ ਦੇ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਅੰਤਰਰਾਜੀ ਗਰੋਹ ਦਾ ਪਰਦਾਫਾਸ਼ ਕੀਤਾ ਸੀ। ਇਸ ਮਾਮਲੇ ਵਿੱਚ ਸਦਰ ਥਾਣਾ ਇੰਚਾਰਜ ਅਤੇ ਜਲੰਧਰ ਹਾਈ ਚੌਕੀ ਦੇ ਇੰਚਾਰਜ ’ਤੇ ਮੁਲਜ਼ਮਾਂ ਨਾਲ ਮਿਹਰਬਾਨੀ ਕਰਨ ਦਾ ਦੋਸ਼ ਹੈ।
ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੋਵਾਂ ਨੂੰ ਲਾਈਨ ਹਾਜ਼ਰ ਹੋਣ ਦੇ ਹੁਕਮ ਦਿੱਤੇ ਹਨ। ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਤਬਦੀਲੀ ਸਿਰਫ਼ ਆਮ ਸ਼ਬਦਾਂ ਵਿਚ ਕੀਤੀ ਗਈ ਹੈ ਨਾ ਕਿ ਕਾਰਵਾਈ ਵਜੋਂ।
ਜਾਣਕਾਰੀ ਮੁਤਾਬਕ ਪੁਲਸ ਨੇ ਜਲੰਧਰ ਬੱਸ ਸਟੈਂਡ ਨੇੜੇ ਗ੍ਰੀਨ ਪਾਰਕ ਸਥਿਤ ਇਕ ਘਰ ‘ਚ ਛਾਪਾ ਮਾਰ ਕੇ ਕੈਨੇਡਾ ਭੇਜਣ ਲਈ ਜਾਅਲੀ ਦਸਤਾਵੇਜ਼ ਤਿਆਰ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇੱਥੇ ਕੈਨੇਡਾ ਸਮੇਤ ਕਈ ਦੇਸ਼ਾਂ ਦਾ ਵੀਜ਼ਾ ਲਗਵਾਉਣ ਅਤੇ ਜਾਅਲੀ ਮੈਰਿਜ ਸਰਟੀਫਿਕੇਟ ਬਣਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਪੁਲਿਸ ਨੇ ਛਾਪਾ ਮਾਰ ਕੇ ਕਈ ਲੋਕਾਂ ਨੂੰ ਹਿਰਾਸਤ ਵਿਚ ਲੈ ਲਿਆ। ਪੁਲੀਸ ਸੂਤਰਾਂ ਅਨੁਸਾਰ ਵਿਦੇਸ਼ ਭੇਜਣ ਲਈ ਗ੍ਰੀਨ ਪਾਰਕ ਸਥਿਤ ਇਸ ਘਰ ਵਿੱਚ ਪਾਸਪੋਰਟ ਅਤੇ ਵੀਜ਼ੇ ਸਮੇਤ ਕਈ ਜਾਅਲੀ ਦਸਤਾਵੇਜ਼ ਬਣਾਏ ਜਾ ਰਹੇ ਸਨ।