ਜਲੰਧਰ, 7 ਮਈ 2024 – ਜਲੰਧਰ ਛਾਉਣੀ ਦੇ ਨਾਲ ਲੱਗਦੇ ਪਿੰਡ ਪੱਤੀ ਸੇਖੋਂ, ਜਮਸ਼ੇਰ ਖਾਸ ਦੇ ਰਹਿਣ ਵਾਲੇ 34 ਸਾਲਾ ਨੌਜਵਾਨ ਦਾ ਦੁਬਈ ‘ਚ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਪੰਕਜ ਦੌਲ ਪੁੱਤਰ ਬਲਵਿੰਦਰ ਵਜੋਂ ਹੋਈ ਹੈ। ਪੰਕਜ ਦੇ ਨਾਲ ਕੰਮ ਕਰਨ ਵਾਲੇ ਸਾਥੀਆਂ ਨੇ ਰਾਤ ਕਰੀਬ ਸਾਢੇ 9 ਵਜੇ ਇਸ ਦੀ ਸੂਚਨਾ ਉਸਦੇ ਛੋਟੇ ਭਰਾ ਗੁਰਪ੍ਰੀਤ ਦੌਲ ਉਰਫ ਗੋਪੀ ਨੂੰ ਦਿੱਤੀ ਸੀ। ਪੰਕਜ ਦੀ ਮੌਤ ਤੋਂ ਬਾਅਦ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਕਜ ਦੌਲ ਐਤਵਾਰ ਨੂੰ ਦੁਬਈ ਦੇ ਅਲਕੋਜ਼ ਸਥਿਤ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ। ਇਸ ਦੌਰਾਨ ਕੁਝ ਨੌਜਵਾਨਾਂ ਦਾ ਪੰਕਜ ਨਾਲ ਮਾਮੂਲੀ ਝਗੜਾ ਹੋ ਗਿਆ। ਮਾਮਲਾ ਇੰਨਾ ਵੱਧ ਗਿਆ ਕਿ ਉਕਤ ਨੌਜਵਾਨਾਂ ਨੇ ਪੰਕਜ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਘਟਨਾ ਤੋਂ ਬਾਅਦ ਦੋਸ਼ੀ ਉਥੋਂ ਫਰਾਰ ਹੋ ਗਏ। ਖੂਨ ਨਾਲ ਲੱਥਪੱਥ ਪੰਕਜ ਘਟਨਾ ਵਾਲੀ ਥਾਂ ‘ਤੇ ਦਰਦ ਨਾਲ ਚੀਕਦਾ ਰਿਹਾ। ਕੁਝ ਸਮੇਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਇਸੇ ਦੌਰਾਨ ਪਿੱਛਾ ਕਰ ਰਹੇ ਪੰਕਜ ਦੇ ਸਾਥੀਆਂ ਨੇ ਉਕਤ ਮੁਲਜ਼ਮਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੁਲਜ਼ਮ ਉਥੋਂ ਭੱਜ ਗਏ, ਜਿਸ ਤੋਂ ਬਾਅਦ ਅਲਕੋਜ਼ ਸਿਟੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਪੜਤਾਲ ਕਰਨ ਲੱਗੇ। ਪੁਲਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁਝ ਸਮੇਂ ਬਾਅਦ ਪੁਲੀਸ ਨੇ ਉਕਤ ਕਾਤਲਾਂ ਨੂੰ ਸ਼ਹਿਰ ਵਿੱਚੋਂ ਗ੍ਰਿਫ਼ਤਾਰ ਕਰ ਲਿਆ। ਗੋਪੀ ਨੇ ਦੱਸਿਆ ਕਿ ਪੰਕਜ ਕਰੀਬ 13 ਸਾਲ ਪਹਿਲਾਂ ਦੁਬਈ ਗਿਆ ਸੀ। ਉਹ ਇੱਕ ਪ੍ਰਾਈਵੇਟ ਕੰਪਨੀ ਵਿੱਚ ਫੋਰਮੈਨ ਵਜੋਂ ਕੰਮ ਕਰਦਾ ਸੀ। ਹਰ ਸਾਲ ਇੱਕ ਵਾਰ ਉਹ ਛੁੱਟੀਆਂ ਕੱਟਣ ਪੰਜਾਬ ਆਉਂਦਾ ਸੀ।