ਗੁਰਦਾਸਪੁਰ 18 ਫਰਵਰੀ 2024 – ਪੰਜਾਬ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਵਿਰੋਧੀ ਛੇੜੀ ਗਈ ਮੁਹਿੰਮ ਤਹਿਤ ਜਿਲਾ ਗੁਰਦਾਸਪੁਰ ਪੁਲਿਸ ਨੂੰ ਇੱਕ ਵਾਰ ਫਿਰ ਵੱਡੀ ਸਫਲਤਾ ਹਾਸਲ ਹੋਈ ਹੈ। ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਬੱਬਰੀ ਬਾਈਪਾਸ ਨਾਕੇ ਤੋਂ ਇਕ ਕਿਲੋਗ੍ਰਾਮ ਹੈਰੋਇਨ ਸਮੇਤ ਜੰਮੂ ਨਿਵਾਸੀ ਬਰੀਜਾ ਕਾਰ ਸਵਾਰ ਵਿਅਕਤੀ ਨੂੰ ਗਿਰਫਤਾਰ ਕੀਤਾ ਹੈ ।
ਐਸਐਸਪੀ ਦਾਇਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਪੁਲਿਸ ਪਾਰਟੀ ਸਮੇਤ ਬੱਬਰੀ ਬਾਈਪਾਸ ਚੌਕ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਚੈਕਿੰਗ ਕਰ ਰਹੇ ਸੀ, ਤਾਂ ਚੈਕਿੰਗ ਦੌਰਾਨ ਇੱਕ ਚਿੱਟੇ ਰੰਗ ਦੀ ਦਿੱਲੀ ਦੀ ਨੰਬਰ ਪਲੇਟ ਲੱਗੀ ਬਰੀਜਾ ਗੱਡੀ ਅਮ੍ਰਿਤਸਰ ਸਾਇਡ ਵਲੋਂ ਆਈ ਜਿਸ ਨੂੰ ਸ਼ੱਕ ਦੀ ਬਿਨਾਂਹ ਤੇ ਰੋਕਿਆ।
ਕਾਰ ਚਲਾ ਰਹੇ ਵਿਅਕਤੀ ਨੂੰ ਕਾਰ ਵਿੱਚੋ ਉਤਾਰ ਕੇ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਮੋਹਨ ਸਿੰਘ ਮੌਕੇ ਤੇ ਬੁਲਾਇਆ ਗਿਆ ਤੇ ਉਹਨਾਂ ਦੀ ਮੋਜੂਦਗੀ ਅਤੇ ਹਦਾਇਤ ਮੁਤਾਬਿਕ ਐਸ ਐਚ ਓ ਅਮਨਦੀਪ ਸਿੰਘ ਨੇ ਕਾਰ ਚਲਾ ਰਹੇ ਵਿਅਕਤੀ ਅਤੇ ਉਸਦੀ ਕਾਰ ਦੀ ਤਲਾਸੀ ਕੀਤੀ। ਤਲਾਸੀ ਦੌਰਾਨ ਡਰਾਇਵਰ ਸੀਟ ਥੱਲੇ ਲੁਕਾ ਕੇ ਰੱਖਿਆ ਇੱਕ ਮੋਮੀ ਲਿਫਾਫਾ ਬਰਾਮਦ ਹੋਇਆ ਜਿਸ ਨੂੰ ਖੋਲ ਕੇ ਚੈਕ ਕੀਤਾ ਜਿਸ ਵਿਚੋ 1 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ।
ਐਸਐਸਪੀ ਨੇ ਦੱਸਿਆ ਕਿ ਕਾਰ ਚਾਲਕ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਨਸ਼ੀਲੇ ਪਦਾਰਥ ਵਿਰੋਧੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰ ਸਵਾਰ ਦੀ ਪਹਿਚਾਣ ਜੰਮੂ ਦੇ ਰਹਿਣ ਵਾਲੇ ਸੁਦਾਮ ਹੁਸੈਨ ਦੇ ਤੌਰ ਤੇ ਹੋਈ ਹੈ ਜਿਸ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਪਾਸੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।