ਮੋਹਾਲੀ, 22 ਅਗਸਤ 2025 – ਪ੍ਰਸਿੱਧ ਪੰਜਾਬੀ ਅਦਾਕਾਰ ਜਸਵਿੰਦਰ ਭੱਲਾ ਦਾ ਸ਼ੁੱਕਰਵਾਰ ਸਵੇਰੇ ਮੋਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਹੈ। ਉਹ 65 ਸਾਲ ਦੇ ਸਨ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ।
ਸਾਡੇ ਮੀਡੀਆ ਸਹਿਯੋਗੀ ਨਾਲ ਗੱਲਬਾਤ ਕਰਦਿਆਂ ਪੰਜਾਬੀ ਅਦਾਕਾਰਾ ਅਮਰ ਨੂਰੀ ਦੱਸਿਆ ਹੈ ਕਿ ਜਸਵਿੰਦਰ ਭੱਲਾ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਮੈਂ ਅਕਸਰ ਉਨ੍ਹਾਂ ਦੀ ਪਤਨੀ ਨਾਲ ਫੋਨ ‘ਤੇ ਗੱਲ ਕਰਦੀ ਰਹਿੰਦੀ ਸੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਪੁੱਛਦੀ ਰਹਿੰਦੀ ਸੀ। ਅਮਰ ਨੂਰੀ ਨੇ ਅੱਗੇ ਦੱਸਿਆ ਕਿ ਭੱਲਾ ਜੀ ਕੋਲੋਂ ਅਜੇ ਜ਼ਿਆਦਾ ਬੈਠ ਨਹੀਂ ਸੀ ਹੁੰਦਾ। ਉਹ ਬਹੁਤ ਕਮਜ਼ੋਰ ਹੋ ਗਏ ਸਨ। ਮੇਰੀ ਅਜੇ ਦੋ ਦਿਨ ਪਹਿਲਾਂ ਹੀ ਉਨ੍ਹਾਂ ਬੇਟੇ ਨਾਲ ਵੀ ਗੱਲ ਹੋਈ ਸੀ ਅਤੇ ਉਸ ਨੇ ਦੱਸਿਆ ਸੀ ਕਿ ਉਹ ਖਾਣਾ ਖਾਣ ਲੱਗ ਪਏ ਹਨ ਅਤੇ ਉਨ੍ਹਾਂ ਦਾ ਮੂਡ ਵੀ ਸਹੀ ਰਹਿੰਦਾ ਹੈ। ਮੈਂ ਉਨ੍ਹਾਂ ਨੂੰ ਮਿਲਣ ਜਾਣ ਦੀ ਯੋਜਨਾ ਬਣਾ ਰਹੀ ਸੀ ਪਰ ਉਸੇ ਰਾਤ ਭੱਲਾ ਜੀ ਨੂੰ ਬ੍ਰੇਨ ਸਟ੍ਰੋਕ ਹੋ ਗਿਆ, ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਫੋਰਟਿਸ ਹਸਪਤਾਲ ਲਿਜਾਇਆ ਗਿਆ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੇ ਅੱਜ ਸਵੇਰੇ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।
ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ 23 ਅਗਸਤ ਨੂੰ ਦੁਪਹਿਰ 12 ਵਜੇ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਕਲਾਕਾਰਾਂ ਦੇ ਇਕੱਠੇ ਹੋਣ ਦੀ ਉਮੀਦ ਹੈ। ‘ਚਾਚਾ ਚਤਰਾ’ ਕਿਰਦਾਰ ਨਾਲ ਮਸ਼ਹੂਰ ਹੋਣ ਵਾਲੇ ਤੇ ਸਾਰਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ ਦੇ ਦੇਹਾਂਤ ਦੀ ਖ਼ਬਰ ਸੁਣ ਕੇ ਪੰਜਾਬੀ ਫਿਲਮ ਜਗਤ ‘ਚ ਸੋਗ ਦੀ ਲਹਿਰ ਹੈ। ਇੱਕ ਪ੍ਰਸਿੱਧ ਕਾਮੇਡੀਅਨ ਅਤੇ ਅਦਾਕਾਰ, ਭੱਲਾ ‘ਕੈਰੀ ਔਨ ਜੱਟਾ’, ‘ਮਾਹੌਲ ਠੀਕ ਹੈ’, ‘ਜੱਟ ਏਅਰਵੇਜ਼’, ਅਤੇ ‘ਜੱਟ ਐਂਡ ਜੂਲੀਅਟ 2’ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਸਨ।

