ਅੰਮ੍ਰਿਤਸਰ, 28 ਮਈ 2022 – ਪੰਜਾਬ ਸਰਕਾਰ ਵਲੋਂ ਅੱਜ ਸਵੇਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਿਚ ਕਟੌਤੀ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ‘ਤੇ ਜਥੇਦਾਰ ਨੇ ਬਾਕੀ ਸੁਰੱਖਿਆ ਵੀ ਵਾਪਸ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਬਹਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਪਰ ਹੁਣ ਜਥੇਦਾਰ ਵਲੋਂ ਸਰਕਾਰੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।
ਇਸ ਤੋਂ ਪਹਿਲਾਂ ਜਦੋਂ ਪੰਜਾਬ ਸਰਕਾਰ ਵੱਲੋਂ ਮਿਲੀ ਹੋਈ ਸੁਰੱਖਿਆ ‘ਚ ਕੀਤੀ ਹੋਈ ਕਟੌਤੀ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਪਤਾ ਲੱਗਿਆ ਸੀ ਤਾਂ ਉਹਨਾਂ ਵੱਲੋਂ ਪੰਜਾਬ ਪੁਲਿਸ ਦੀ ਸਮੁੱਚੀ ਸੁਰੱਖਿਆ ਅੱਜ ਵਾਪਿਸ ਕਰਨ ਦਾ ਐਲਾਨ ਕਰ ਦਿੱਤਾ ਸੀ। ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਲਈ ਸਿੱਖ ਨੌਜਵਾਨ ਹੀ ਕਾਫੀ ਹਨ।
ਹਾਲਾਂਕਿ ਉਸ ਤੋਂ ਬਾਅਦ ਇਹ ਵੀ ਖ਼ਬਰ ਸਾਹਮਣੇ ਆਈ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵਲ਼ੋਂ ਅੱਜ ਸਮੁੱਚੀ ਸਰਕਾਰੀ ਸੁਰੱਖਿਆ ਵਾਪਸ ਕਰਦਿਆਂ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਸੰਭਾਲ ਲਈ ਗਈ ਹੈ। ਸਿੰਘ ਸਾਹਿਬ ਦੀ ਦਮਦਮਾ ਸਾਹਿਬ ਵਿਚਲੀ ਰਿਹਾਇਸ਼ ‘ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ‘ਤੇ ਐੱਸ. ਜੀ. ਪੀ. ਸੀ. ਵਲੋਂ ਚਾਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ ਹਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਮਾਨ ਸਰਕਾਰ ਨੇ ਕਈ ਅਹਿਮ ਸ਼ਖਸੀਅਤਾਂ ਸਣੇ 424 ਲੋਕਾਂ ਦੀ ਸੁਰੱਖਿਆ ਵਾਪਸ ਲੈ ਲਈ ਸੀ।