- ਸੁਖਬੀਰ ਸਿੰਘ ਬਾਦਲ ਵੱਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਸਲ ਸ਼ਰਧਾਂਜਲੀ
- ਪੰਜਾਬ ਪ੍ਰਸਤ ਸਿਆਸੀ ਧਿਰਾਂ ਵੱਲੋਂ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਜ਼ਰੂਰਤ ਦਾ ਇਜ਼ਹਾਰ ਕਰਦਿਆਂ ਕੀਤੀ ਨਵੀਂ ਤਜਵੀਜ਼ ਪੇਸ਼
- ਵੱਖ-ਵੱਖ ਸ਼ੋ੍ਰਮਣੀ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਲੈ ਕੇ ਇਕ ਸਾਂਝੇ ਸ਼ੋ੍ਰਮਣੀ ਅਕਾਲੀ ਦਲ ਦੀ ਹੋਵੇ ਪੁਨਰ ਸੁਰਜੀਤੀ
ਮਲੇਰਕੋਟਲਾ 7 ਮਈ ,2023 – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੱਖ-ਵੱਖ ਅਕਾਲੀ ਧੜਿਆਂ ਦਰਮਿਆਨ ਏਕਤਾ ਲਈ ਅਗਵਾਈ ਕਰਨ ਅੱਗੇ ਆਉਣਾ ਚਾਹੀਦਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਥ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਇਸ ਵੇਲੇ ਇਕ ਪੰਥ ਤੇ ਪੰਜਾਬ ਪ੍ਰਸਤ ਸਿਆਸੀ ਧਿਰਾਂ ਵੱਲੋਂ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਜ਼ਰੂਰਤ ਦੇ ਮੱਦੇਨਜ਼ਰ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਨੇ ਇਥੇ ਨਵੀਂ ਤਜਵੀਜ਼ ਪੇਸ਼ ਕੀਤੀ ਹੈ |ਸ. ਢੀਂਡਸਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸੁਖਬੀਰ ਸਿੰਘ ਬਾਦਲ ਸਮੇਤ ਵੱਖ-ਵੱਖ ਸ਼ੋ੍ਰਮਣੀ ਅਕਾਲੀ ਦਲਾਂ ਦੇ ਪ੍ਰਧਾਨਾਂ ਤੋਂ ਅਸਤੀਫ਼ੇ ਲੈ ਕੇ ਇਕ ਸਾਂਝੇ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਮੈਂਬਰਸ਼ਿਪ ਭਰਤੀ ਕਰਨ ਅਤੇ ਨਵੇਂ ਪ੍ਰਧਾਨ ਦੀ ਚੋਣ ਤੱਕ ਸਮੁੱਚੇ ਅਮਲ ਦੀ ਜਾਂ ਤਾਂ ਖ਼ੁਦ ਅਗਵਾਈ ਕਰਨ ਜਾਂ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਦੇਣ |
ਸੁਖਦੇਵ ਸਿੰਘ ਢੀਂਡਸਾ ਇਥੇ ਆਪਣੇ ਕਰੀਬੀ ਸਾਥੀ ਅਤੇ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਸੀਨੀਅਰ ਮੀਤ ਪ੍ਰਧਾਨ ਹਾਜੀ ਮੁਹੰਮਦ ਤੁਫੈਲ ਮਲਿਕ ਦੇ ਸ਼ੀਸ਼ ਮਹਿਲ ਸਥਿਤ ਮਲਿਕ ਹਾਊਸ ਵਿਖੇ ਬੀਤੇ ਦਿਨੀਂ ਉਨ੍ਹਾਂ ਦੀ ਪਤਨੀ ਬੀਬੀ ਸੁਖਬੀਰਾਂ ਬੇਗਮ ਦੇ ਦਿਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹੋਏ ਗੱਲਬਾਤ ਕਰ ਰਹੇ ਸਨ। ਉਨ੍ਹਾਂ ਮੌਜੂਦਾ ਸਮੇਂ ਨੂੰ ਪੰਥ ਅਤੇ ਪੰਜਾਬ ਦੇ ਮੌਜੂਦਾ ਸਿਆਸੀ ਦੌਰ ਨੂੰ ਬੇਹੱਦ ਗੰਭੀਰ ਅਤੇ ਨਾਜ਼ੁਕ ਦੱਸਦਿਆਂ ਕਿਹਾ ਕਿ ਇਸ ਵੇਲੇ ਪੰਥ ਅਤੇ ਪੰਜਾਬ ਦੇ ਹਿਤਾਂ ਹੱਕਾਂ ਦੀ ਪਹਿਰੇਦਾਰੀ ਲਈ ਇਕ ਸਮਰੱਥ ਸਿਆਸੀ ਧਿਰ ਦੀ ਬੇਹੱਦ ਲੋੜ ਮਹਿਸੂਸ ਕੀਤੀ ਜਾ ਰਹੀ ਹੈ, ਜਿਸ ਉਪਰ ਪੰਜਾਬ ਦੇ ਲੋਕ ਭਰੋਸਾ ਕਰ ਸਕਣ | ਕੇਵਲ ਤੇ ਕੇਵਲ ਸ਼ੋ੍ਰਮਣੀ ਅਕਾਲੀ ਦਲ ਨੂੰ ਹੀ ਇਕੋ ਇਕ ਅਜਿਹੀ ਸਿਆਸੀ ਜਮਾਤ ਦੱਸਦਿਆਂ ਸ. ਢੀਂਡਸਾ ਨੇ ਕਿਹਾ ਕਿ ਪੰਥ ਅਤੇ ਪੰਜਾਬ ਲਈ ਮੋਰਚਿਆਂ ਅਤੇ ਅਥਾਹ ਕੁਰਬਾਨੀਆਂ ਦੀ ਮਾਣਮੱਤੀ ਵਿਰਾਸਤ ਦਾ ਮਾਲਕ ਸ਼ੋ੍ਰਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੇ ਹਿਤਾਂ ਦੀ ਪਹਿਰੇਦਾਰੀ ਕਰ ਸਕਦਾ ਹੈ |
ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਹੀ ਸ਼ੋ੍ਰਮਣੀ ਅਕਾਲੀ ਦਲ ਸੰਯੁਕਤ ਦੇ ਵਫ਼ਦ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਿਲ ਕੇ ਸੁਖਬੀਰ ਸਿੰਘ ਬਾਦਲ ਸਮੇਤ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾਂ ਕੋਲੋਂ ਅਸਤੀਫ਼ੇ ਲੈਣ ਅਤੇ ਨਵੀਂ ਮੈਂਬਰਸ਼ਿਪ ਭਰਤੀ ਕਰ ਕੇ ਜਥੇਬੰਦਕ ਚੋਣਾਂ ਕਰਵਾਉਣ ਦੀ ਮੰਗ ਕਰ ਚੁੱਕੇ ਹਨ | ਸ੍ਰੀ ਢੀਂਡਸਾ ਨੇ ਦੱਸਿਆ ਕਿ ਪਹਿਲਾਂ ਵੀ ਅਜਿਹੇ ਅਨੇਕਾ ਮੌਕੇ ਆਏ ਹਨ ਜਦੋਂ ਸੰਕਟ ਦੀ ਘੜੀ ਸ਼ੋ੍ਰਮਣੀ ਅਕਾਲੀ ਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅਗਵਾਈ ਦੇ ਕੇ ਰੌਸ਼ਨੀ ਵਿਖਾਈ ਹੈ | ਉਨ੍ਹਾਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਨ੍ਹਾਂ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਅਸਲ ਸ਼ਰਧਾਂਜਲੀ ਹੋਵੇਗੀ |
ਇਸ ਮੌਕੇ ਹਾਜੀ ਮੁਹੰਮਦ ਤੁਫੈਲ ਮਲਿਕ ਦੇ ਨਾਲ ਡਾ. ਮੁਹੰਮਦ ਅਰਸਦ ਯੂ.ਐਸ.ਏ., ਯੂਨਸ ਮਲਿਕ ਬੱਬੂ, ਢੀਂਡਸਾ ਦੇ ਸਿਆਸੀ ਸਲਾਹਕਾਰ ਮਨਸ਼ਾਂਤ ਸਿੰਘ ਜਲਾਲਾਬਾਦ, ਅਮਰਿੰਦਰ ਸਿੰਘ ਮੰਡੀਆਂ, ਐਡਵੋਕੇਟ ਹਰਦੀਪ ਸਿੰਘ ਖੱਟੜਾ, ਸਾਬਰ ਅਲੀ ਢਿੱਲੋਂ, ਹਰਬੰਸ ਸਿੰਘ ਚੌਂਦਾ (ਤਿੰਨੇ ਸਾਬਕਾ ਚੇਅਰਮੈਨ), ਜੁਲਫਕਾਰ ਅਲੀ ਖਾਂ, ਮੁਹੰਮਦ ਨਸੀਰ ਭੱਟੀ, ਕਰਮਦੀਨ ਰਾਣਵਾਂ, ਸਰਪੰਚ ਗੁਲਾਮ ਮਲਿਕ, ਸੁਖਦੇਵ ਸਿੰਘ ਕੁਠਾਲਾ, ਸਮਸਾਦ ਝੋਕ, ਮੁਹੰਮਦ ਜਾਹਿਦ ਜੇਜੀ, ਸਰਪੰਚ ਜਤਿੰਦਰ ਸਿੰਘ ਮਹੋਲੀ, ਸਰਪੰਚ ਕੁਲਵਿੰਦਰ ਸਿੰਘ ਹਿਮਤਾਣਾ , ਮੁਹੰਮਦ ਨਸੀਰ ਭੱਟੀ ਅਤੇ ਮੁਹੰਮਦ ਲਾਲ ਸਮੇਤ ਵੱਡੀ ਗਿਣਤੀ ਅਕਾਲੀ ਆਗੂ ਮੌਜੂਦ ਸਨ।