ਲੁਧਿਆਣਾ, 13 ਜਨਵਰੀ 2023 – ਲੁਧਿਆਣਾ ਦੇ ਮਾਛੀਵਾੜਾ ਕਸਬੇ ਦੇ ਪਿੰਡ ਸਿਕੰਦਰਪੁਰ ‘ਚ ਇਕ ਵਿਅਕਤੀ ਨੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਦਰਵਾਜ਼ਾ ਖੋਲ੍ਹਣ ‘ਚ ਸਮਾਂ ਲਾਉਣ ‘ਤੇ ਆਪਣੀ ਭਰਜਾਈ (ਭਰਾ ਦੀ ਪਤਨੀ) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਮੁਲਜ਼ਮ ਲਾਸ਼ ਨੂੰ ਬੋਰੀ ਵਿੱਚ ਪਾ ਕੇ ਖੇਤ ਵਿੱਚ ਸੁੱਟ ਕੇ ਫਰਾਰ ਹੋ ਗਿਆ। ਕਾਤਲ ਨੇ ਕਤਲ ਦੀ ਘਟਨਾ ਨੂੰ ਆਪਣੇ ਸਮਾਰਟ ਫ਼ੋਨ ਵਿੱਚ ਰਿਕਾਰਡ ਕਰ ਲਿਆ ਅਤੇ ਵੀਡੀਓ ਇੱਕ ਦੋਸਤ ਨੂੰ ਭੇਜ ਦਿੱਤੀ। ਉਸ ਨੇ ਅੱਗੇ ਵੀਡੀਓ ਔਰਤ ਦੇ ਪਤੀ ਨੂੰ ਭੇਜ ਦਿੱਤੀ। ਮ੍ਰਿਤਕ ਦੀ ਪਛਾਣ ਮੁਸਕਾਨ (30) ਵਜੋਂ ਹੋਈ ਹੈ।
ਮਾਛੀਵਾੜਾ ਪੁਲੀਸ ਨੇ 32 ਸਾਲਾ ਅਮਰੀਕ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਹ ਸ਼ਰਾਬੀ ਹੈ। ਘਟਨਾ ਦੇ ਕੁਝ ਘੰਟਿਆਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਭੱਜਣ ਤੋਂ ਪਹਿਲਾਂ ਦੋਸ਼ੀ ਨੇ ਲਹੂ ਲੁਹਾਣ ਹੋਏ ਫਰਸ਼ ਨੂੰ ਸਾਫ ਕੀਤਾ ਅਤੇ ਪੀੜਤ ਦੀ ਇਕ ਸਾਲ ਦੀ ਬੇਟੀ ਨੂੰ ਉਸ ਦੇ ਇਕ ਗੁਆਂਢੀ ਦੇ ਕੋਲ ਛੱਡ ਦਿੱਤਾ।
ਪੁਲੀਸ ਅਨੁਸਾਰ ਮੁਲਜ਼ਮ ਅਮਰੀਕ ਸਿੰਘ ਦੀ ਪਤਨੀ 6 ਮਹੀਨਿਆਂ ਤੋਂ ਵੱਖ ਰਹਿਣ ਲੱਗੀ ਸੀ। ਉਸਨੂੰ ਸ਼ੱਕ ਸੀ ਕਿ ਮੁਸਕਾਨ ਨੇ ਹੀ ਉਸਦੇ ਅਤੇ ਉਸਦੀ ਪਤਨੀ ਵਿੱਚ ਮਤਭੇਦ ਪੈਦਾ ਕੀਤੇ ਹਨ। ਉਸ ਨੂੰ ਮੁਸਕਾਨ ਨਾਲ ਨਰਾਜ਼ਗੀ ਸੀ। ਜਦੋਂ ਮੁਸਕਾਨ ਨੇ ਘਰ ਦਾ ਦਰਵਾਜ਼ਾ ਖੋਲ੍ਹਣ ‘ਚ ਦੇਰੀ ਕੀਤੀ ਤਾਂ ਉਸ ਨੇ ਗੁੱਸੇ ‘ਚ ਆ ਕੇ ਉਸ ਦਾ ਕਤਲ ਕਰ ਦਿੱਤਾ।

ਸਮਰਾਲਾ ਦੇ ਡੀਐਸਪੀ ਵਰਿਆਮ ਸਿੰਘ ਨੇ ਦੱਸਿਆ ਕਿ ਸਿਕੰਦਰਪੁਰ ਦੇ ਰਾਜ ਸਿੰਘ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੇ ਵੱਡੇ ਭਰਾ ਅਮਰੀਕ ਸਿੰਘ ਨੇ ਉਸ ਦੀ ਪਤਨੀ ਮੁਸਕਾਨ ਦਾ ਕਤਲ ਕਰ ਦਿੱਤਾ ਹੈ। ਜਦੋਂ ਪੁਲਿਸ ਉਨ੍ਹਾਂ ਦੇ ਘਰ ਪਹੁੰਚੀ ਤਾਂ ਫਰਸ਼ ਤੋਂ ਖੂਨ ਸਾਫ਼ ਹੋ ਚੁੱਕਾ ਸੀ। ਕੁਝ ਦੇਰ ਬਾਅਦ ਘਰ ਦੇ ਨੇੜੇ ਖੇਤ ਵਿੱਚ ਪਈ ਇੱਕ ਬੰਦ ਬੋਰੀ ਵਿੱਚੋਂ ਲਾਸ਼ ਬਰਾਮਦ ਹੋਈ। ਮੁਲਜ਼ਮ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।
ਡੀਐਸਪੀ ਵਰਿਆਮ ਨੇ ਦੱਸਿਆ ਕਿ ਮੁਲਜ਼ਮ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਉਹ ਘਰ ਪਰਤਿਆ ਤਾਂ ਮੁਸਕਾਨ ਨੇ ਕੁਝ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ। ਉਡੀਕ ਤੋਂ ਗੁੱਸੇ ‘ਚ ਆ ਕੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ। ਕਤਲ ਦੀ ਵੀਡੀਓ ਬਣਾ ਕੇ ਆਪਣੇ ਇੱਕ ਦੋਸਤ ਜਤਿੰਦਰ ਸਿੰਘ ਨੂੰ ਭੇਜ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਬੋਰੀ ਵਿੱਚ ਪਾ ਕੇ ਖੇਤ ਵਿੱਚ ਸੁੱਟ ਦਿੱਤਾ ਗਿਆ।
ਇਸ ਦੌਰਾਨ ਪੀੜਤਾ ਦੀ ਇਕ ਸਾਲ ਦੀ ਬੇਟੀ ਜਾਗ ਪਈ ਅਤੇ ਰੋਣ ਲੱਗੀ। ਉਸ ਨੇ ਬੱਚੇ ਨੂੰ ਗੁਆਂਢੀ ਦੇ ਹਵਾਲੇ ਕਰ ਦਿੱਤਾ ਅਤੇ ਫਰਾਰ ਹੋ ਗਿਆ। ਡੀਐਸਪੀ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਇੱਕ ਸਾਲ ਪਹਿਲਾਂ ਮੁਸਕਾਨ ਦੀ ਦੋਸਤ ਨਾਲ ਹੋਇਆ ਸੀ। ਛੇ ਮਹੀਨੇ ਪਹਿਲਾਂ ਉਸਦੀ ਪਤਨੀ ਉਸਨੂੰ ਛੱਡ ਕੇ ਵੱਖ ਰਹਿਣ ਲੱਗ ਪਈ ਸੀ। ਇਸ ਲਈ ਉਹ ਮੁਸਕਾਨ ‘ਤੇ ਸ਼ੱਕ ਕਰਦਾ ਸੀ।
ਰਾਜ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਵਿਆਹ ਦੋ ਸਾਲ ਪਹਿਲਾਂ ਦਿੱਲੀ ਵਾਸੀ ਮੁਸਕਾਨ ਨਾਲ ਹੋਇਆ ਸੀ ਅਤੇ ਉਸ ਦੀ ਇੱਕ ਸਾਲ ਦੀ ਬੇਟੀ ਹੈ। ਵਿਆਹ ਦੀ ਵਰ੍ਹੇਗੰਢ ‘ਤੇ ਹੀ ਉਸ ਦੇ ਭਰਾ ਨੇ ਉਸ ਤੋਂ ਮੁਸਕਾਨ ਖੋਹ ਲਈ ਸੀ। ਉਹ ਇਕ ਦੁਕਾਨ ‘ਤੇ ਕੰਮ ਕਰਦਾ ਹੈ। ਕਤਲ ਬਾਰੇ ਉਸ ਨੂੰ ਸ਼ਾਮ ਨੂੰ ਪਤਾ ਲੱਗਾ ਜਦੋਂ ਜਤਿੰਦਰ ਸਿੰਘ ਨੇ ਉਸ ਨੂੰ ਅਮਰੀਕ ਸਿੰਘ ਵੱਲੋਂ ਭੇਜੀ ਵੀਡੀਓ ਭੇਜੀ।
ਡੀਐਸਪੀ ਨੇ ਅੱਗੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ ਬੇਟੀ ਨਾਲ ਮਾਛੀਵਾੜਾ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਉਹ ਪੰਜ ਦਿਨ ਪਹਿਲਾਂ ਆਪਣੇ ਜੱਦੀ ਪਿੰਡ ਸਿਕੰਦਰਪੁਰ ਵਿੱਚ ਸ਼ਿਫਟ ਹੋ ਗਿਆ ਸੀ ਕਿਉਂਕਿ ਉਹ ਕਿਰਾਏ ਦੇ ਮਕਾਨ ਵਿੱਚ ਰਹਿਣ ਦਾ ਖਰਚਾ ਬਰਦਾਸ਼ਤ ਕਰਨ ਤੋਂ ਅਸਮਰੱਥ ਸੀ।
