- ਹੁਸ਼ਿਆਰਪੁਰ ਰੇਲਵੇ ਸਟੇਸ਼ਨ ਦੀ ਸੜਕ ਦੇ ਪੁਨਰ ਨਿਰਮਾਣ ਲਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਐਨ.ਓ.ਸੀ. ਦੇਣ ਦੀ ਵੀ ਕੀਤੀ ਅਪੀਲ
ਹੁਸ਼ਿਆਰਪੁਰ, 29 ਅਕਤੂਬਰ 2022 – ਕੈਬਨਿਟ ਮੰਤਰੀ ਪੰਜਾਬ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਰੇਲਵੇ ਮੰਤਰੀ ਭਾਰਤ ਸਰਕਾਰ ਸ਼੍ਰੀ ਅਸ਼ਵਨੀ ਵੈਸ਼ਣਵ ਨੂੰ ਪੱਤਰ ਲਿਖ ਕੇ ਹੁਸ਼ਿਆਰਪੁਰ-ਦਿੱਲੀ ਪੈਸੰਜਰ ਟ੍ਰੇਨ ਨੂੰ ਮਥੁਰਾ, ਵਰਿੰਦਾਵਨ ਨਾਲ ਜੋੜਨ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਹੁਸ਼ਿਆਰਪੁਰ ਰੇਲਵੇ ਸਟੇਸ਼ਨ ਰੋਡ ਦੇ ਪੁਨਰ ਨਿਰਮਾਣ ਲਈ ਨਗਰ ਨਿਗਮ ਹੁਸ਼ਿਆਰਪੁਰ ਨੂੰ ਐਨ.ਓ.ਸੀ. ਦੇਣ ਦੀ ਵੀ ਅਪੀਲ ਕੀਤੀ ਹੈ।
ਰੇਲਵੇ ਮੰਤਰੀ ਨੂੰ ਲਿਖੇ ਪੱਤਰ ਵਿਚ ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਰੇਲਵੇ ਸਟੇਸ਼ਨ (ਕੋਡ ਐਚ.ਏ.ਐਕਸ) ਜ਼ਿਲ੍ਹੇ ਦਾ ਮੁੱਖ ਰੇਲਵੇ ਸਟੇਸ਼ਨ ਹੈ ਅਤੇ ਯਾਤਰੀ ਇਸ ਰੇਲਵੇ ਸਟੇਸ਼ਨ ਦੀ ਵਰਤੋਂ ਮਾਤਾ ਚਿੰਤਪੁਰਨੀ, ਮਾਤਾ ਜਵਾਲਾ ਜੀ, ਮਾਤਾ ਕਾਂਗੜਾ ਦੇਵੀ ਜੀ, ਮਾਤਾ ਚਾਮੁੰਡਾ ਦੇਵੀ ਜੀ, ਮਾਤਾ ਬਗਲਾਮੁਖੀ ਜੀ, ਬਾਬਾ ਬਾਲਕ ਨਾਥ ਜੀ, ਧਰਮਸ਼ਾਲਾ ਤੇ ਮੈਕਲੋਡਗੰਜ ਵਰਗੇ ਧਾਰਮਿਕ ਤੇ ਸੈਲਾਨੀ ਥਾਵਾਂ ਦੀ ਯਾਤਰਾ ਕਰਨ ਲਈ ਕਰਦੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਹੁਸ਼ਿਆਰਪੁਰ ਤੇ ਆਸ-ਪਾਸ ਤੋਂ ਵੱਡੀ ਗਿਣਤੀ ਵਿਚ ਤੀਰਥ ਯਾਤਰੀ ਨਵੀ ਦਿੱਲੀ ਪਹੁੰਚਣ ਲਈ ਇਸ ਰੇਲਵੇ ਸਟੇਸ਼ਨ ਦੀ ਵਰਤੋਂ ਕਰਦੇ ਹਨ ਅਤੇ ਅੱਗੇ ਉਨ੍ਹਾਂ ਨੂੰ ਮਥੁਰਾ, ਵਰਿੰਦਾਵਨ ਪਹੁੰਚਣ ਲਈ ਦੂਜੀ ਟ੍ਰੇਨ ਵਿਚ ਸਵਾਰ ਹੋਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਤੀਰਥ ਯਾਤਰੀਆਂ ਨੂੰ ਦੂਜੀ ਟ੍ਰੇਨ ਵਿਚ ਚੜ੍ਹਨ ਵਿਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਬ੍ਰਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਦੀ ਇਕ ਹੋਰ ਮੁੱਖ ਮੰਗ ਰੱਖਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਰੋਡ ਦੀ ਹਾਲਤ ਬਹੁਤ ਖਰਾਬ ਸਥਿਤੀ ਵਿਚ ਹੈ ਅਤੇ ਇਸ ਸੜਕ ’ਤੇ ਚੱਲਣ ਤੇ ਬਹੁਤ ਹੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਸਹਾਇਕ ਮੰਡਲ ਅਭਿਅੰਤਾ ਦੇ ਦਫ਼ਤਰ ਵਿਚ ਏ.ਡੀ.ਈ.ਐਮ., ਜੇ.ਆਰਜ.ਸੀ. ਉਤਰ ਰੇਲਵੇ ਨੂੰ 12 ਅਪ੍ਰੈਲ 2022 ਨੂੰ ਪਹਿਲਾਂ ਹੀ ਪੱਤਰ, ਯਾਦ ਪੱਤਰ ਭੇਜ ਕੇ ਅਨੁਰੋਧ ਕੀਤਾ ਗਿਆ ਹੈ ਕਿ ਕ੍ਰਿਪਾ ਨਗਰ ਨਿਗਮ ਹੁਸ਼ਿਆਰਪੁਰ ਨੂੰ ਐਨ.ਓ.ਸੀ. ਜਾਰੀ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੱਧਰ ’ਤੇ ਇਸ ਸੜਕ ਦਾ ਪੁਨਰ ਨਿਰਮਾਣ ਕਰ ਸਕੇ, ਪਰੰਤੂ ਉਨ੍ਹਾਂ ਦੀ ਜਾਣਕਾਰੀ ਮੁਤਾਬਕ ਹੁਣ ਤੱਕ ਕੋਈ ਐਨ.ਓ.ਸੀ. ਪ੍ਰਾਪਤ ਨਹੀਂ ਹੋਇਆ ਹੈ।
ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਹੁਸ਼ਿਆਰਪੁਰ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਸ਼ਿਆਰਪੁਰ ਤੋਂ ਵਰਿੰਦਾਵਨ ਲਈ ਸਿੱਧੀ ਟੇ੍ਰਨ ਸ਼ੁਰੂ ਕੀਤੀ ਜਾਵੇ ਅਤੇ ਨਗਰ ਨਿਗਮ ਹੁਸ਼ਿਆਰਪੁਰ ਨੂੰ ਮੌਜੂਦਾ ਰੇਲਵੇ ਸਟੇਸ਼ਨ ਸੜਕ ਦੇ ਪੁਨਰ ਨਿਰਮਾਣ ਲਈ ਤੁਰੰਤ ਐਨ.ਓ.ਸੀ. ਜਾਰੀ ਕੀਤਾ ਜਾਵੇ।