ਜੌੜਾਮਾਜਰਾ ਵੱਲੋਂ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਲਈ ਖੇਤੀ ਦੇ ਨਾਲ-ਨਾਲ ਖੁੰਭ ਉਤਪਦਾਨ ਤੇ ਬਾਗਬਾਨੀ ਅਪਨਾਉਣ ਦਾ ਸੱਦਾ

  • ਹਾਈ ਲਾਈਨ ਫੂਡਜ਼ ਸਮਾਣਾ ਮਸ਼ਰੂਮ ਫਾਰਮ ਦਾ ਦੌਰਾ ਕਰਕੇ ਅਗਾਂਹਵਧੂ ਖੁੰਭ ਉਦਪਾਦਕਾਂ ਦੀ ਹੌਂਸਲਾ ਅਫ਼ਜਾਈ

ਸਮਾਣਾ, 7 ਅਪ੍ਰੈਲ 2023 – ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਆਮਦਨ ਵਧਾਉਣ ਲਈ ਰਵਾਇਤੀ ਫ਼ਸਲਾਂ ਦੇ ਨਾਲ-ਨਾਲ ਖੁੰਭਾਂ ਉਗਾਉਣ ਅਤੇ ਬਾਗਬਾਨੀ ਸਮੇਤ ਨਗ਼ਦ ਫ਼ਸਲਾਂ ਦੀ ਖੇਤੀ ਕਰਨ ਨੂੰ ਤਰਜੀਹ ਦੇਣ।

ਜੌੜਾਮਾਜਰਾ ਨੇ ਸਮਾਣਾ-ਰਾਜਲਾ ਰੋਡ ‘ਤੇ ਸਥਿਤ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਦਾ ਦੌਰਾ ਕਰਕੇ ਖੁੰਭ ਉਦਪਾਦਕਾਂ ਗੌਰਵ ਜਿੰਦਲ, ਅਮਿਤ ਗਰਗ (ਗੁਰਦਾਸ), ਸੋਨੂੰ ਬਾਂਸਲ ਤੇ ਸਿਕੰਦਵੀਰ ਜਿੰਦਲ ਦੀ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਜਿਹੇ ਅਗਾਂਹਵਧੂ ਉਦਮੀਆਂ ਦੀ ਹਰ ਪੱਖੋਂ ਸਹਾਇਤਾ ਕਰਨ ਲਈ ਵਚਨਬੱਧ ਹੈ ਤਾਂ ਕਿ ਅਜਿਹੇ ਉਦਮੀ ਆਪਣੀ ਆਮਦਨ ਵਧਾਉਣ ਦੇ ਨਾਲ-ਨਾਲ ਹੋਰਨਾਂ ਲੋਕਾਂ ਨੂੰ ਵੀ ਰੋਜ਼ਗਾਰ ਪ੍ਰਦਾਨ ਕਰਨ ਦੇ ਸਮਰੱਥ ਬਣਨ।

ਚੇਤਨ ਸਿੰਘ ਜੌੜਾਮਾਜਰਾ, ਜਿਨ੍ਹਾਂ ਕੋਲ ਸੂਚਨਾ ਤੇ ਲੋਕ ਸੰਪਰਕ, ਰੱਖਿਆ ਸੇਵਾਵਾਂ ਭਲਾਈ ਅਤੇ ਸੁਤੰਤਰਤਾ ਸੰਗਰਾਮੀ ਵਿਭਾਗ ਵੀ ਹਨ, ਨੇ ਹਾਈਲਾਈਨ ਫੂਡਜ਼ ਮਸ਼ਰੂਮ ਫਾਰਮ ਵਿਖੇ 250 ਕਿਲੋਵਾਟ ਦੇ ਨਵੇਂ ਲਗਾਏ ਗਏ ਸੋਲਰ ਪਲਾਂਟ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਨੇ ਇੱਥੇ ਪੈਕਿੰਗ, ਪੈਦਾਵਾਰ ਸਮੇਤ ਹੋਰ ਯੂਨਿਟਾਂ ਦਾ ਦੌਰਾ ਕਰਕੇ ਇਸ ਮਸ਼ਰੂਮ ਫਾਰਮ ਦਾ ਨਿਰੀਖਣ ਕੀਤਾ।

ਇਸ ਮੌਕੇ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਨਵੇਂ ਉਦਮੀਆਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਅਤੇ ਆਪਣੇ ਯੂਨਿਟ ਲਗਾਉਣ ਲਈ ਹਰ ਪੱਖੋਂ ਸਾਜ਼ਗਾਰ ਮਾਹੌਲ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਨੇ ਕਿਸਾਨਾਂ ਲਈ ਸਿਖਲਾਈ, ਸਬਸਿਡੀ ਤੇ ਤਕਨੀਕੀ ਸਹਾਇਤਾ ਆਦਿ ਦੇਣ ਦੀਆਂ ਬਹੁਤ ਸਾਰੀਆਂ ਸਕੀਮਾਂ ਉਲੀਕੀਆਂ ਹਨ, ਜਿਨ੍ਹਾਂ ਦਾ ਲਾਭ ਲੈਕੇ ਕਿਸਾਨ ਚੰਗੇ ਬਾਗਬਾਨ, ਨਗ਼ਦ ਫਸਲਾਂ ਤੇ ਖੁੰਭਾਂ ਦੇ ਚੰਗੇ ਉਤਪਾਦਕ ਬਣ ਸਕਦੇ ਹਨ।

ਖੁੰਭ ਉਤਪਾਦਕ ਗੌਰਵ ਜਿੰਦਲ ਨੇ ਦੱਸਿਆ ਕਿ ਉਨ੍ਹਾਂ ਨੇ 4 ਏਕੜ ‘ਚ ਇਹ ਵਾਤਾਨਕੂਲ ਪਲਾਂਟ ਚਾਲੂ ਕੀਤਾ ਸੀ, ਜਿੱਥੇ 3 ਟਨ ਖੁੰਭਾਂ ਦੀ ਪੈਦਾਵਾਰ ਹੁੰਦੀ ਹੈ ਅਤੇ ਉਹ ਆਪਣੀ ਖਾਦ ਤਿਆਰ ਕਰਦੇ ਹਨ, ਜਿਸਨੂੰ ਖੁੰਭਾਂ ਉਗਾਉਣ ਲਈ ਵਰਤਦੇ ਹਨ। ਸਾਲ ‘ਚ 6 ਫ਼ਸਲਾਂ ਲੈਕੇ ਬਾਕੀ ਬਚੀ ਖਾਦ ਕਿਸਾਨਾਂ ਨੂੰ ਅੱਗੇ ਖੇਤਾਂ ‘ਚ ਵਰਤਣ ਲਈ ਦੇ ਦਿੰਦੇ ਹਨ।
ਇਸ ਮੌਕੇ ਓ.ਐਸ.ਡੀ. ਐਡਵੋਕੇਟ ਗੁਲਜ਼ਾਰ ਸਿੰਘ ਵਿਰਕ, ਗੁਰਦੇਵ ਸਿੰਘ ਟਿਵਾਣਾ, ਬਲਕਾਰ ਸਿੰਘ ਗੱਜੂਮਾਜਰਾ, ਸੁਰਜੀਤ ਸਿੰਘ ਗਾਜੀਪੁਰ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਬਾਲ ਕ੍ਰਿਸ਼ਨ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਖ ਰਾਜ ਦੇ ਝੰਡੇ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ – ਜਥੇਦਾਰ ਅਕਾਲ ਤਖ਼ਤ ਸਾਹਿਬ

ਇਮਾਨਦਾਰ ਸਰਕਾਰ ਦੀਆਂ ਨੀਤੀਆਂ ਸਦਕਾ ਮਾਲੀਏ ਵਿਚ ਵਿਆਪਕ ਵਾਧਾ ਹੋਇਆ ਅਤੇ ਪੰਜਾਬ ਵਾਸੀਆਂ ਨੂੰ ਮਿਲੀਆਂ ਵਧੇਰੇ ਸਹੂਲਤਾਂ – ਮਾਨ