ਅੰਮ੍ਰਿਤਸਰ, 18 ਅਪ੍ਰੈਲ 2025 – ਇੱਕ ਪਾਸੇ ਜਿੱਥੇ ਸੁਰੱਖਿਆ ਏਜੰਸੀਆਂ ਅਤੇ ਪੰਜਾਬ ਸਰਕਾਰ ਦਾਅਵਾ ਕਰ ਰਹੀਆਂ ਹਨ ਕਿ ਸਰਹੱਦ ‘ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਿਆ ਜਾ ਰਿਹਾ ਹੈ, ਉੱਥੇ ਦੂਜੇ ਪਾਸੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਵਿੱਚ ਹਰ ਰੋਜ਼ ਡਰੋਨ ਗਤੀਵਿਧੀਆਂ ਅਤੇ ਹੈਰੋਇਨ ਦੀ ਖੇਪ ਅਤੇ ਹਥਿਆਰਾਂ ਦੀ ਡਿਲਿਵਰੀ ਦੇਖੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ, ਬੀਐੱਸਐੱਫ ਅਤੇ ਪੰਜਾਬ ਪੁਲਸ ਦੀ ਸਾਂਝੀ ਟੀਮ ਨੇ ਅੰਮ੍ਰਿਤਸਰ ਦੇ ਅਟਾਰੀ ਸ਼ਹਿਰ ਦੇ ਨਾਲ ਲੱਗਦੇ ਸਰਹੱਦੀ ਪਿੰਡ ਮੁਹਾਵਾ ਦੇ ਇਲਾਕੇ ਵਿੱਚ ਇੱਕ ਡਰੋਨ ਤੋਂ ਸੁੱਟਿਆ ਗਿਆ ਇੱਕ ਵੱਡਾ ਪੈਕੇਟ ਫੜਿਆ ਹੈ, ਜਿਸ ਵਿੱਚੋਂ 6 ਅਤਿ-ਆਧੁਨਿਕ ਪਿਸਤੌਲ ਅਤੇ 14 ਮੈਗਜ਼ੀਨ ਜ਼ਬਤ ਕੀਤੇ ਗਏ ਹਨ।
ਇਹ ਹਥਿਆਰ ਕਿਸ ਨੇ ਮੰਗਵਾਏ ਅਤੇ ਕਿਸਨੇ ਭੇਜੇ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਰਹੱਦੀ ਪਿੰਡ ਮੁਹਾਵਾ ਦੀ ਗੱਲ ਕਰੀਏ ਤਾਂ ਇਹ ਪਿੰਡ ਅੰਮ੍ਰਿਤਸਰ ਦੇ ਉਨ੍ਹਾਂ ਸਰਹੱਦੀ ਪਿੰਡਾਂ ਦੀ ਸੂਚੀ ਵਿੱਚ ਸ਼ਾਮਲ ਹੈ ਜੋ ਹੈਰੋਇਨ ਅਤੇ ਹਥਿਆਰਾਂ ਦੀ ਤਸਕਰੀ ਲਈ ਬਹੁਤ ਬਦਨਾਮ ਹਨ।

