ਲੁਧਿਆਣਾ, 4 ਅਪ੍ਰੈਲ 2025 – ਥਾਣਾ ਸਦਰ ਅਧੀਨ ਪੈਂਦੇ ਪਿੰਡ ਮਲਕ ਵਿਖੇ ਵਿਆਹ ਸਮਾਗਮ ’ਤੇ ਪੁੱਜੇ ਰਾਜੂ ਜਿਊਲਰਜ਼ ਦੇ ਮਾਲਕ ਪਰਮਿੰਦਰ ਸਿੰਘ ਲਵਲੀ ਦੀ ਸ਼ੱਕੀ ਹਾਲਾਤ ’ਚ ਗੋਲੀ ਲੱਗਣ ਨਾਲ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਲਵਲੀ ਪੁੱਤਰ ਕੁਲਦੀਪ ਸਿੰਘ ਈਸੇਵਾਲ ਥਾਣਾ ਸਦਰ ਜਗਰਾਓਂ ਦੇ ਪਿੰਡ ਮਲਕ ਵਿਖੇ ਰਿਸ਼ਤੇਦਾਰੀ ’ਚ ਵਿਆਹ ਦੇ ਜਾਗੋ ਸਮਾਗਮ ’ਤੇ ਗਿਆ ਸੀ। ਰਾਤੀ ਲਗਭਗ 9 ਵਜੇ ਡਾਂਸ ਫਲੌਰ ’ਤੇ ਨੱਚਣ-ਟੱਪਣ ਦੌਰਾਨ ਉਸ ਦੇ ਅਚਾਨਕ 2 ਗੋਲ਼ੀਆਂ ਲੱਗ ਗਈਆਂ। ਇਕ ਗੋਲ਼ੀ ਉਸ ਦੀ ਛਾਤੀ ਅਤੇ ਇਕ ਗੋਲੀ ਉਸ ਦੀ ਵੱਖੀ ’ਚ ਵੱਜੀ, ਜਿਸ ਕਾਰਨ ਉਸ ਦੀ ਮੌਕੇ ’ਤੇ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਸਬ-ਇੰਸਪੈਕਟਰ ਸੁਰਜੀਤ ਸਿੰਘ ਸਮੇਤ ਪੁਲਸ ਪਾਰਟੀ ਪੁੱਜੇ ਅਤੇ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਜਗਰਾਓਂ ਵਿਖੇ ਰੱਖੀ ਗਈ ਹੈ। ਇੱਥੇ ਦੱਸਣਯੋਗ ਹੈ ਕਿ ਨਾਮਵਰ ਰਾਜੂ ਜਿਊਲਰਜ਼ ਨੂੰ ਪਹਿਲਾਂ ਵੀ ਕਈ ਵਾਰ ਗੈਂਗਸਟਰਾਂ ਵਲੋਂ ਫਿਰੌਤੀ ਮੰਗਣ ਦੀਆਂ ਕਾਲਾਂ ਆਈਆਂ ਸਨ। ਪੁਲਸ ਵੱਲੋਂ ਇਸ ਸਬੰਧੀ ਜਾਂਚ-ਪੜਤਾਲ ਵੀ ਕੀਤੀ ਗਈ ਸੀ। ਮੰਦਭਾਗੀ ਖ਼ਬਰ ਮਿਲਦਿਆਂ ਮੁੱਲਾਂਪੁਰ ਸ਼ਹਿਰ ’ਚ ਸੰਨਾਟਾ ਛਾ ਗਿਆ ਅਤੇ ਸਹਿਮ ਦਾ ਮਾਹੌਲ ਬਣ ਗਿਆ।

