- ਕੇਂਦਰ ਸਰਕਾਰ ਪੰਜਾਬ ਵਲੋ ਭੇਜੀਆਂ ਝਾਕੀਆਂ ਨੂੰ ਜਨਤਕ ਕਰੇ: ਨਿਰਮਲ ਸਿੰਘ
ਚੰਡੀਗੜ੍ਹ, 29 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਜਸਟਿਸ ਨਿਰਮਲ ਸਿੰਘ ਨੇ ਗਣਤੰਤਰ ਦਿਵਸ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਸ਼ਾਮਿਲ ਨਾ ਕਰਨ ਪਿੱਛੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵਲੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਲਾਏ ਜਾ ਰਹੇ ਦੋਸ਼ਾਂ ਦੀ ਨਿਰਪੱਖ ਨਿਆਂਇਕ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋਂ ਪੰਜਾਬ ਦੇ ਲੋਕਾਂ ਨੂੰ ਸੱਚ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਵਲੋ ਭੇਜੀਆਂ ਗਈਆਂ ਝਾਕੀਆਂ ਨੂੰ ਜਨਤਕ ਕਰਨਾ ਚਾਹੀਦਾ ਹੈ । ਜਿਸ ਨਾਲ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਅਸਲੀਅਤ ਆ ਸਕੇ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਗਣਤੰਤਰ ਦਿਵਸ ਤੇ ਪੰਜਾਬ ਦੀਆਂ ਝਾਕੀਆਂ ਨੂੰ ਸ਼ਾਮਿਲ ਨਾ ਕਰਨਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਸੁਨੀਲ ਜਾਖੜ ਨੇ ਇਕ ਪ੍ਰੈਸ ਮਿਲਣੀ ਕਰਕੇ ਝਾਕੀਆਂ ਨੂੰ ਸ਼ਾਮਿਲ ਨਾ ਕਰਨ ਪਿੱਛੇ ਦਾ ਕਾਰਨ ਇਹ ਦੱਸਿਆ ਸੀ ਕਿ ਪੰਜਾਬ ਵਲੋ ਭੇਜੀਆਂ ਗਈਆਂ ਝਾਕੀਆਂ ਤੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀਆਂ ਫੋਟਵਾਂ ਲੱਗੀਆਂ ਹੋਈਆਂ ਸਨ। ਜਿਸ ਕਰਕੇ ਇਨ੍ਹਾਂ ਝਾਕੀਆਂ ਨੂੰ ਗਣਤੰਤਰ ਦਿਵਸ ਦੀ ਪਰੇਡ ਵਿਚ ਸ਼ਾਮਿਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਅਜਿਹਾ ਕੀਤਾ ਹੈ ਤਾਂ ਇਸ ਦੀ ਜਿੰਨੀ ਨਿੰਦਾ ਕੀਤਾ ਜਾਵੇ ਉਨ੍ਹੀ ਘੱਟ ਹੈ। ਕਿਉਂਕਿ ਰਾਜਨੀਤਕ ਲਾਭ ਲੈਣ ਲਈ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣਾ ਅਤੇ ਸੂਬੇ ਦੇ ਅਕਸ ਨੂੰ ਢਾਹ ਲਾਉਣਾ ਸਰਕਾਰ ਦੇ ਮਾੜੇ ਵਤੀਰੇ ਨੂੰ ਪ੍ਰਦਰਸ਼ਿਤ ਕਰਦਾ ਹੈ।
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਸੁਨੀਲ ਜਾਖੜ ਵਲੋ ਲਗਾਏ ਗਏ ਦੋਸ਼ ਬੇਹੱਦ ਗੰਭੀਰ ਹਨ। ਇਸ ਕਰਕੇ ਇਸ ਦੀ ਨਿਆਇਕ ਜਾਂਚ ਹੋਣੀ ਬੇਹੱਦ ਲਾਜ਼ਮੀ ਹੋ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਰਾਜਨੀਤਿਕ ਮੱਤਭੇਦ ਹਰੇਕ ਪਾਰਟੀ ਦੇ ਹੁੰਦੇ ਹਨ ਤੇ ਹੋਣੇ ਵੀ ਲਾਜ਼ਮੀ ਹਨ ਪਰ ਕਿਸੇ ਵੀ ਪਾਰਟੀ ਨੂੰ ਸਿਆਸੀ ਲਾਹਾ ਲੈਣ ਲਈ ਅਜਿਹੇ ਹਥਕੰਡੇ ਵਰਤਣ ਤੋ ਗੁਰੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਤੇ ਹਰ ਰਾਜ ਆਪਣਾ ਸੱਭਿਆਚਾਰ ,ਇਤਿਹਾਸ ਅਤੇ ਦੇਸ਼ ਲਈ ਕੀਤੀਆਂ ਕੁਰਬਾਨੀਆਂ ਨੂੰ ਪ੍ਰਦਰਸ਼ਿਤ ਕਰਨ ਦਾ ਹੱਕ ਰੱਖਦਾ ਹੈ| ਪਿਛਲੀ ਵਾਰ ਵੀ ਪੰਜਾਬ ਦੀਆਂ ਝਾਕੀਆਂ ਨੂੰ ਕੇਂਦਰੀ ਪ੍ਰਦਰਸ਼ਨੀ ਵਿੱਚ ਸ਼ਾਮਿਲ ਨਹੀ ਕੀਤਾ ਗਿਆ ਤੇ ਇਸ ਵਾਰ ਵੀ ਸ਼ਾਮਿਲ ਨਾ ਕਰਨਾ ਬੇਹਦ ਮੰਦਭਾਗਾ ਹੈ|
ਜਸਟਿਸ ਨਿਰਮਲ ਸਿੰਘ ਨੇ ਕਿਹਾ ਕਿ ਪਾਰਟੀਆਂ ਦੇ ਰਾਜਨੀਤਿਕ ਮੱਤਭੇਦ ਹੁੰਦੇ ਹਨ ਪਰ ਪੰਜਾਬ ਦਾ ਇਤਿਹਾਸ ,ਪੰਜਾਬ ਦੀਆਂ ਕੁਰਬਾਨੀਆਂ ਤੇ ਆਜ਼ਾਦੀ ਦੌਰਾਨ ਪਾਏ ਪੰਜਾਬ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ|