- ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਹੋਏ ਫਰਾਰ
ਚੰਡੀਗੜ੍ਹ, 6 ਮਈ 2023 – ਕੈਨੇਡਾ ‘ਚ ਕਬੱਡੀ ਫੈਡਰੇਸ਼ਨ ਦੇ ਮੁਖੀ ਕਮਲਜੀਤ ਕੰਗ ਉਰਫ਼ ਨੀਟੂ ‘ਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ‘ਚ ਨੀਟੂ ਕੰਗ ਗੰਭੀਰ ਜ਼ਖਮੀ ਹੋ ਗਿਆ ਹੈ। ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋਏ ਨੀਟੂ ਕੰਗ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਪੁਲਸ ਵੀ ਮੌਕੇ ‘ਤੇ ਪਹੁੰਚ ਗਈ ਪਰ ਇਸ ਤੋਂ ਪਹਿਲਾਂ ਹੀ ਹਮਲਾਵਰ ਫਰਾਰ ਹੋ ਗਏ।
ਕਬੱਡੀ ਪ੍ਰਮੋਟਰ ਕਮਲਜੀਤ ਕੰਗ ਉਰਫ਼ ਨੀਟੂ ‘ਤੇ ਹਮਲਾ ਕਰਨ ਵਾਲੇ ਹਮਲਾਵਰਾਂ ਦੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਕੈਨੇਡੀਅਨ ਪੁਲਿਸ ਮੌਕੇ ਦੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਫਰਾਰ ਹਮਲਾਵਰਾਂ ਦਾ ਸੁਰਾਗ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਿਸ ਨੀਟੂ ਦੀ ਪੁਰਾਣੀ ਦੁਸ਼ਮਣੀ ਦੇ ਬਿੰਦੂਆਂ ਦੀ ਜਾਂਚ ਕਰ ਰਹੀ ਹੈ।
ਕਮਲਜੀਤ ਕੰਗ ਉਰਫ ਨੀਤੂ ਜੋ ਕਿ ਮੂਲ ਰੂਪ ਤੋਂ ਪੰਜਾਬ ਦਾ ਰਹਿਣ ਵਾਲਾ ਹੈ, ਨੂੰ ਹਮਲੇ ਦੀ ਸੂਚਨਾ ਮਿਲਦੇ ਹੀ ਉਸਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਪਹੁੰਚਾਇਆ। ਇਸ ਦੇ ਨਾਲ ਹੀ ਕੈਨੇਡਾ ਰਹਿੰਦੇ ਕਈ ਕਬੱਡੀ ਖਿਡਾਰੀ ਵੀ ਨੀਟੂ ਦਾ ਹਾਲ ਚਾਲ ਜਾਣਨ ਲਈ ਹਸਪਤਾਲ ਪਹੁੰਚ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਵੱਖ-ਵੱਖ ਦੇਸ਼ਾਂ ਦੇ ਭਾਰਤੀਆਂ ‘ਤੇ ਹਮਲਿਆਂ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਹਾਲ ਹੀ ‘ਚ ਅਮਰੀਕਾ ਦੇ ਵੈਨਕੂਵਰ ਸ਼ਹਿਰ ‘ਚ ਪੰਜਾਬ ਦੇ ਪਿੰਡ ਜਲਾਲ ਭੁਲਾਣਾ ਦੇ ਰਹਿਣ ਵਾਲੇ 30 ਸਾਲਾ ਨਵਜੋਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਦੱਸਿਆ ਗਿਆ ਕਿ ਨਵਜੋਤ ਦਾ ਕਤਲ ਲੁਟੇਰਿਆਂ ਨੇ ਕੀਤਾ ਹੈ। ਪੈਸਿਆਂ ਦੀ ਮੰਗ ਪੂਰੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਨਵਜੋਤ ਦਾ ਕਤਲ ਕਰ ਦਿੱਤਾ। ਉਹ ਇੱਕ ਸਾਲ ਪਹਿਲਾਂ ਹੀ ਅਮਰੀਕਾ ਗਿਆ ਸੀ।