ਮੋਗਾ, 9 ਮਾਰਚ 2025 – ਮੋਗਾ ਦੇ ਪਿੰਡ ਜਲਾਲਾਬਾਦ ਪੂਰਬੀ ਵਿੱਚ ਇੱਕ ਕਲਯੁਗੀ ਪੁੱਤ ਨੇ ਜ਼ਮੀਨ ਦੇ ਟੁਕੜੇ ਪਿੱਛੇ ਆਪਣੀ ਮਾਂ ਦਾ ਹੀ ਕਤਲ ਕਰ ਦਿੱਤਾ। ਕਲਯੁਗੀ ਪੁੱਤ ਨੇ ਆਪਣੀ ਮਾਂ ਦਾ ਕਤਲ ਕਰਨ ਲਈ ਆਪਣੀ ਪਤਨੀ, ਨੂੰਹ-ਪੁੱਤਰ ਦਾ ਸਹਾਰਾ ਲਿਆ।
ਇਸ ਮਾਮਲੇ ਸਬੰਧੀ ਪੁਲਿਸ ਨੇ ਮ੍ਰਿਤਕਾ ਦੀ ਧੀ ਦੇ ਬਿਆਨ ’ਤੇ FIR ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐੱਸਪੀ ਧਰਮਕੋਟ ਅਮਨਦੀਪ ਸਿੰਘ ਨੇ ਦੱਸਿਆ ਕਿ ਥਾਣਾ ਧਰਮਕੋਟ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਜਲਾਲਾਬਾਦ ਵਿਖੇ ਇਕ ਬਜ਼ੁਰਗ ਔਰਤ ਦੀ ਅੱਗ ਲੱਗਣ ਨਾਲ ਮੌਤ ਹੋ ਗਈ ਹੈ ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਲੈਣ ਤੋਂ ਬਾਅਦ ਪਤਾ ਲੱਗਾ ਕਿ ਮ੍ਰਿਤਕ ਔਰਤ ਗੁਰਨਾਮ ਕੌਰ 70 ਸਾਲ ਕਰੀਬ ਵਾਸੀ ਪਿੰਡ ਜਲਾਲਾਬਾਦ ਪੂਰਬੀ ਜਿਸ ਦੇ ਪੰਜ ਬੱਚੇ ਹਨ, ਜਿਨ੍ਹਾਂ ਚਾਰ ਲੜਕੀਆਂ ਅਤੇ ਇਕ ਲੜਕਾ ਹੈ।
ਚਾਰੋਂ ਲੜਕੀਆਂ ਵਿਆਹੀਆਂ ਹੋਈਆਂ ਹਨ ਅਤੇ ਬਜ਼ੁਰਗ ਮਾਤਾ ਆਪਣੇ ਲੜਕੇ ਸੁਖਮੰਦਰ ਸਿੰਘ ਦੇ ਪਰਿਵਾਰ ਨਾਲ ਘਰ ਵਿਚ ਹੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸੁਖਮੰਦਰ ਸਿੰਘ ਜੋ ਕਿ ਸ਼ਾਦੀ-ਸ਼ੁਦਾ ਹੈ ਤੇ ਉਸ ਦਾ ਲੜਕਾ ਸਤਪਾਲ ਸਿੰਘ ਉਰਫ ਜੱਗੂ ਵੀ ਸ਼ਾਦੀਸ਼ੁਦਾ ਹੈ। ਪੁਲਿਸ ਨੇ ਦੱਸਿਆ ਮ੍ਰਿਤਕ ਮਾਤਾ ਦਾ ਲੜਕਾ ਸੁਖਮੰਦਰ ਸਿੰਘ, ਉਸ ਦੀ ਪਤਨੀ ਬਲਵਿੰਦਰ ਕੌਰ, ਪੋਤਾ ਸਤਪਾਲ ਉਰਫ ਜੱਗੂ ਅਤੇ ਪੋਤ ਨੂੰਹ ਅਮਨਦੀਪ ਕੌਰ ਸਾਰੇ ਮਿਲ ਕੇ ਪੰਜ ਮਰਲੇ ਦੇ ਮਕਾਨ ਲਈ ਮਾਤਾ ਗੁਰਨਾਮ ਕੌਰ ਦੀ ਕੁੱਟਮਾਰ ਕਰਦੇ ਸਨ ਅਤੇ ਮਕਾਨ ਨੂੰ ਆਪਣੇ ਨਾਂ ਕਰਾਉਣ ਲਈ ਜ਼ੋਰ ਪਾਉਂਦੇ ਸਨ।

ਪੁਲਿਸ ਅਨੁਸਾਰ, 7 ਮਾਰਚ ਦੀ ਸਵੇਰੇ 2 ਵਜੇ ਦੇ ਕਰੀਬ ਸੁਖਮੰਦਰ ਸਿੰਘ ਨੇ ਆਪਣੇ ਪਰਿਵਾਰ ਨਾਲ ਮਿਲ ਕੇ ਮਾਤਾ ਦੇ ਸਿਰ ’ਚ ਸੋਟਾ ਮਾਰਿਆ ਅਤੇ ਜਿਸ ਕਾਰਨ ਮਾਤਾ ਦੀ ਮੌਤ ਹੋ ਗਈ ਤੇ ਉਨ੍ਹਾਂ ਨੇ ਆਪਣੇ ਕੀਤੇ ਪਾਪ ਨੂੰ ਲੁਕਾਉਣ ਲਈ ਲਾਸ਼ ’ਤੇ ਤੇਲ ਪਾ ਕੇ ਅੱਗ ਲਗਾ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਜਦ ਮ੍ਰਿਤਕ ਮਾਤਾ ਦੀਆਂ ਲੜਕੀਆਂ ਨੂੰ ਲੱਗਾ ਤਾਂ ਉਹ ਵੀ ਮੌਕੇ ’ਤੇ ਪੁੱਜ ਗਈਆਂ।
ਪੁਲਿਸ ਨੇ ਮ੍ਰਿਤਕ ਔਰਤ ਦੀ ਧੀ ਦਲਜੀਤ ਕੌਰ ਪਤਨੀ ਜੱਗਾ ਸਿੰਘ ਵਾਸੀ ਪ੍ਰੀਤ ਕੇਵਲ ਸਿੰਘ ਵਾਲੀ ਗਲੀ ਲੁਧਿਆਣਾ ਦੇ ਬਿਆਨ ’ਤੇ ਚਾਰੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
