- ਡੀਨਜ਼ ਅਤੇ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਵੱਖੋ-ਵੱਖਰੀਆਂ ਮੀਟਿੰਗਾਂ ਵਿੱਚ ਕੰਮ ਕਾਜ ਦਾ ਜਾਇਜ਼ਾ ਲਿਆ
- ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਵਾਈਸ ਚਾਂਸਲਰ ਨਾਲ ਮੀਟਿੰਗ
ਪਟਿਆਲਾ, 26 ਅਪ੍ਰੈਲ 2024 – ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਸਕੱਤਰ ਸ੍ਰੀ ਕਮਲ ਕਿਸ਼ੋਰ ਯਾਦਵ ਅੱਜ ਪੰਜਾਬੀ ਯੂਨੀਵਰਸਿਟੀ ਵਿਖੇ ਉਪ-ਕੁਲਪਤੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸ੍ਰੀ. ਕਮਲ ਕਿਸ਼ੋਰ ਯਾਦਵ ਪੰਜਾਬ ਕਾਡਰ ਦੇ 2003 ਬੈਚ ਦੇ ਆਈ.ਏ.ਐਸ. ਅਧਿਕਾਰੀ ਹਨ ਜੋ ਪੰਜਾਬ ਸਰਕਾਰ ਵਿੱਚ ਵੱਖ-ਵੱਖ ਅਹਿਮ ਅਹੁਦਿਆਂ ਉੱਤੇ ਆਪਣੀ ਜ਼ਿੰਮੇਂਵਾਰੀ ਨਿਭਾਅ ਚੁੱਕੇ ਹਨ। ਉਹ ਪ੍ਰੋ. ਅਰਵਿੰਦ ਦੀ ਥਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਬਣੇ ਹਨ ਜਿਨ੍ਹਾਂ ਦੀ 25 ਅਪ੍ਰੈਲ ਨੂੰ ਤਿੰਨ ਸਾਲ ਦੀ ਟਰਮ ਪੂਰੀ ਹੋ ਚੁੱਕੀ ਹੈ।
ਅੱਜ ਸਵੇਰੇ ਸ੍ਰੀ ਕਮਲ ਕਿਸ਼ੋਰ ਯਾਦਵ ਦੇ ਯੂਨੀਵਰਸਿਟੀ ਪਹੁੰਚਣ ’ਤੇ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ ਦੀ ਅਗਵਾਈ ਵਿੱਚ ਯੂਨੀਵਰਸਿਟੀ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਉਪਰੰਤ ਵਾਈਸ ਚਾਂਸਲਰ ਸ੍ਰੀ. ਕੇ. ਕੇ. ਯਾਦਵ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ, ਵੱਖ-ਵੱਖ ਫ਼ੈਕਲਟੀਆਂ ਦੇ ਡੀਨ ਅਤੇ ਵਿਭਾਗ ਦੇ ਮੁਖੀਆਂ ਨਾਲ ਵੱਖੋ ਵੱਖਰੀਆਂ ਮੀਟਿੰਗ ਕਰਕੇ ਯੂਨੀਵਰਸਿਟੀ ਦੇ ਕੰਮ ਕਾਜ ਦਾ ਜਾਇਜਾ ਲਿਆ।
ਇਸ ਦੌਰਾਨ ਸ੍ਰੀ ਯਾਦਵ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਨੂੰ ਬੜ੍ਹਾਵਾ ਦੇਣ ਲਈ ਬਾਖੂਬੀ ਕੰਮ ਕਰ ਰਹੀ ਹੈ। ਇਸ ਕਰਕੇ ਉਨ੍ਹਾਂ ਨੂੰ ਏਥੇ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਾਰਜ ਨੂੰ ਅੱਗੇ ਲਿਜਾਣ ਲਈ ਕੰਮ ਕਰਨਗੇ। ਉਨ੍ਹਾਂ ਨੇ ਯੂਨੀਵਰਸਿਟੀ ਅਤੇ ਇਸ ਨਾਲ ਸਬੰਧਿਤ ਕਾਲਜਾਂ ਦੇ ਅਧਿਆਪਨ ਅਤੇ ਗੈਰ ਅਧਿਆਪਨ ਅਮਲੇ ਸਣੇ ਵੱਖ ਵੱਖ ਵਰਗਾਂ ਤੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਪੰਜਾਬੀ ਯੂਨੀਵਰਸਿਟੀ ਦੇ ਵਿਦਿਅਕ ਸਣੇ ਸਾਰੇ ਕਾਰਜਾਂ ਵਿੱਚ ਸੁਧਾਰ ਲਿਆਂਦਾ ਜਾ ਸਕੇ।
ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੁਟਾ) ਅਤੇ ਗ਼ੈਰ-ਅਧਿਆਪਨ ਸੰਘ ਦੇ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕੀਤੀ। ਇਨ੍ਹਾਂ ਮੀਟਿੰਗਾਂ ਦੌਰਾਨ ਉਨ੍ਹਾਂ ਸਾਰੀਆਂ ਧਿਰਾਂ ਨਾਲ ਸੰਵਾਦ ਰਚਾਇਆ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ। ਪੰਜਾਬੀ ਯੂਨੀਵਰਸਿਟੀ ਵਿੱਚ ਚੱਲ ਰਹੀ 54ਵੀਂ ਪੰਜਾਬ ਹਿਸਟਰੀ ਕਾਨਫਰੰਸ ਵਿੱਚ ਵੀ ਉਨ੍ਹਾਂ ਨੇ ਹਾਜ਼ਰੀ ਲਵਾਈ ਅਤੇ ਇਸ ਦੀ ਸਫ਼ਲਤਾ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਚੇਰੀ ਸਿੱਖਿਆ ਦੇ ਡਿਪਟੀ ਡਾਇਰੈਕਟਰ ਡਾ. ਅਸ਼ਵਨੀ ਭੱਲਾ ਵੀ ਮੌਜੂਦ ਸਨ।