ਬਠਿੰਡਾ, 11 ਜੁਲਾਈ 2022 – ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਮਿਲੀ ਹੈ। ਕੰਗਨਾ ਨੇ 14 ਜੁਲਾਈ ਨੂੰ ਬਠਿੰਡਾ ਅਦਾਲਤ ਵਿੱਚ ਪੇਸ਼ ਹੋਣਾ ਸੀ। ਹੁਣ 8 ਸਤੰਬਰ ਤੱਕ ਉਸ ਨੂੰ ਪੇਸ਼ੀ ਤੋਂ ਰਾਹਤ ਮਿਲੀ ਹੈ। ਹਾਈ ਕੋਰਟ ਨੇ ਹੇਠਲੀ ਅਦਾਲਤ ਨੂੰ ਇੱਥੇ ਸੁਣਵਾਈ ਨਾ ਹੋਣ ਤੱਕ ਕੋਈ ਸੁਣਵਾਈ ਨਾ ਕਰਨ ਲਈ ਕਿਹਾ ਹੈ। ਬਠਿੰਡਾ ਦੀ ਇਕ ਬਜ਼ੁਰਗ ਔਰਤ ‘ਤੇ ਇਤਰਾਜ਼ਯੋਗ ਟਵੀਟ ਕਰਨ ‘ਤੇ ਕੰਗਨਾ ਰਣੌਤ ‘ਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਦੌਰਾਨ ਇੱਕ ਵਿਵਾਦਿਤ ਟਵੀਟ ਕੀਤਾ ਸੀ। ਜਿਸ ਵਿੱਚ ਕੰਗਨਾ ਵੱਲੋਂ ਇੱਕ ਬਜ਼ੁਰਗ ਔਰਤ ਦੀ ਫੋਟੋ ਲੈ ਕੇ 100 ਰੁਪਏ ਲੈ ਕੇ ਧਰਨੇ ‘ਤੇ ਜਾ ਰਹੀ ਦੱਸਿਆ ਗਿਆ ਸੀ। ਇਹ ਔਰਤ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ 87 ਸਾਲਾ ਔਰਤ ਕਿਸਾਨ ਮਹਿੰਦਰ ਕੌਰ ਸੀ। ਜਿਸ ਨੇ ਕੰਗਨਾ ਖਿਲਾਫ ਬਠਿੰਡਾ ਅਦਾਲਤ ਵਿੱਚ ਕੇਸ ਦਾਇਰ ਕੀਤਾ ਸੀ। 13 ਮਹੀਨਿਆਂ ਦੀ ਸੁਣਵਾਈ ਤੋਂ ਬਾਅਦ ਬਠਿੰਡਾ ਅਦਾਲਤ ਨੇ ਕੰਗਨਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸੀ।
ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਇੱਕ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ। ਬਿਲਕਿਸ ਸ਼ਾਹੀਨ ਬਾਗ ਵਿੱਚ CAA ਵਿਰੋਧੀ ਪ੍ਰਦਰਸ਼ਨ ਦਾ ਚਿਹਰਾ ਸੀ। ਮਹਿੰਦਰ ਕੌਰ ਨੇ ਪਟੀਸ਼ਨ ‘ਚ ਕਿਹਾ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਹੋਰ ਔਰਤ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਦੇ ਟਵੀਟ ਕਾਰਨ ਉਨ੍ਹਾਂ ਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ। ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਆਂਢ-ਗੁਆਂਢੀਆਂ, ਪਿੰਡ ਵਾਸੀਆਂ ਅਤੇ ਆਮ ਲੋਕਾਂ ਵਿੱਚ ਉਨ੍ਹਾਂ ਦੇ ਅਕਸ ਨੂੰ ਠੇਸ ਪਹੁੰਚੀ ਹੈ।