- ਅਕਾਲੀ ਦਲ ਨੇ ਦੇਸ਼ ’ਚ ਫਿਰਕੂ ਧਰੁਵੀਕਰਨ ਦੀ ਕੀਤੀ ਸਖ਼ਤ ਨਿਖੇਧੀ
- ਕੋਰ ਕਮੇਟੀ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੀ ਕੀਤੀ ਸ਼ਲਾਘਾ
- ਇਕ ਦੇਸ਼, ਇਕ ਸਭਿਆਚਾਰ ਦੀ ਪਹੁੰਚ ਦਾ ਕੀਤਾ ਵਿਰੋਧ
- ਸੁਖਬੀਰ ਸਿੰਘ ਬਾਦਲ ਨੇ ਭਵਿੱਖ ਦੇ ਏਜੰਡੇ ਤੇ ਰਣਨੀਤੀ ਬਾਰੇ ਆਗੂਆਂ ਤੋਂ ਲਈ ਰਾਇ
ਚੰਡੀਗੜ੍ਹ, 14 ਜੂਨ 2024 : ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਵਿਚ ਖਤਮ ਹੋਈਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਕਾਰਗੁਜ਼ਾਰੀ ਦੀ ਸਮੀਖਿਆ ਤੇ ਪੜਚੋਲ ਕਰਨ ਸਮੇਤ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ’ਤੇ ਵਿਸਥਾਰਿਤ ‘ਤੇ ਗੰਭੀਰ ਚਰਚਾ ਕੀਤੀ।
ਪਾਰਟੀ ਦੇ ਮੁੱਖ ਦਫਤਰ ਵਿਖੇ ਛੇ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਕੋਰ ਕਮੇਟੀ ਦੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਵਿੱਖ ਦੇ ਏਜੰਡੇ ਤੇ ਰਣਨੀਤੀ ਨੂੰ ਤੈਅ ਕਰਨ ਵਾਸਤੇ ਪਾਰਟੀ ਆਗੂਆਂ ਤੋਂ ਇਕੱਲੇ-ਇਕੱਲੇ ਅਤੇ ਸਮੂਹਿਕ ਤੌਰ ’ਤੇ ਫੀਡਬੈਕ ਲੈਣਗੇ।
ਮੀਟਿੰਗ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਛੇ ਮਹੀਨੇ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਚੜ੍ਹਦੀਕਲਾ ਵਿਚ ਰਹਿੰਦਿਆਂ ਨਿਰਸਵਾਰਥ ਤੇ ਦ੍ਰਿੜ੍ਹ ਲੀਡਰਸ਼ਿਪ ਪ੍ਰਦਾਨ ਕਰਨ ਦੀ ਸ਼ਲਾਘਾ ਕੀਤੀ ਗਈ। ਕੋਰ ਕਮੇਟੀ ਵਿਚ ਪਾਸ ਕੀਤੇ ਮਤੇ ਵਿਚ ਕਿਹਾ ਗਿਆ ਜਿਸ ਤਰੀਕੇ ਅਕਾਲੀ ਦਲ ਦੇ ਪ੍ਰਧਾਨ ਨੇ ਦਲੇਰਾਨਾ ਰੂਪ ਵਿਚ ਨਿਰਸਵਾਰਥ ਹੋ ਕੇ ਫੈਸਲੇ ਪਾਰਟੀ ਦੇ ਹਿੱਤ ਵਿਚ ਲਏ ਤੇ ਨਿੱਜੀ ਕੁਰਬਾਨੀਆਂ ਦਿੱਤੀਆਂ, ਇਹਨਾਂ ਦੀ ਕੋਈ ਮਿਸਾਲ ਨਹੀਂ ਮਿਲਦੀ ਤੇ ਇਹ ਪਾਰਟੀ ਵਾਸਤੇ ਮਾਣ ਵਾਲੀ ਗੱਲ ਹੈ। ਪਾਰਟੀ ਨੇ ਉਹਨਾਂ ਦੀ ਲੀਡਰਸ਼ਿਵ ਵਿਚ ਪੂਰਨ ਵਿਸ਼ਵਾਸ ਪ੍ਰਗਟਾਇਆ ਅਤੇ ਉਹਨਾਂ ਵੱਲੋਂ ਪਾਰਟੀ ਦੇ ਹਿੱਤਾਂ ਵਾਸਤੇ ਇਕੱਲਿਆਂ ਹੀ ਡਟੇ ਰਹਿਣ ਦੀ ਪੁਰਜ਼ੋਰ ਸ਼ਲਾਘਾ ਕੀਤੀ।
ਮੀਟਿੰਗ ਨੇ ਸੂਬੇ ਵਿਚ ਆਉਂਦੀਆਂ ਚੋਣਾਂ ਵਾਸਤੇ ਰਣਨੀਤੀ ’ਤੇ ਵੀ ਚਰਚਾ ਕੀਤੀ। ਇਸ ਮਾਮਲੇ ਵਿਚ ਅੰਤਿਮ ਫੈਸਲਾ ਆਉਂਦੇ ਦਿਨਾਂ ਵਿਚ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਕੋਰਕਮੇਟੀ ਨੇ ਪਾਰਟੀ ਅਤੇ ਇਸਦੀ ਲੀਡਰਸ਼ਿਪ ਖਿਲਾਫ ਸੋਚੀ ਸਮਝੀ ਸਾਜ਼ਿਸ਼ ਅਧੀਨ ਜਾਣ ਬੁੱਝ ਕੇ ਲੀਡਰਸ਼ਿਪ ਨੂੰ ਬਦਨਾਮ ਕਰਨ ਲਈ ਪ੍ਰਚਾਰ ਮੁਹਿੰਮ ਚਲਾਉਣ ਦਾ ਗੰਭੀਰ ਨੋਟਿਸ ਲਿਆ। ਮੀਟਿੰਗ ਵਿਚ ਬਾਦਲ ਦੀ ਲੀਡਰਸ਼ਿਪ ਵਿਚ ਪੂਰਨ ਭਰੋਸਾ ਪ੍ਰਗਟਾਇਆ।
ਮਤੇ ਵਿਚ ਕਿਹਾ ਗਿਆ ਕਿ ਪਾਰਟੀ ਨੇ ਸਮਾਜ ਵਿਚ ਨਿਰੰਤਰ ਵੱਧ ਰਹੇ ਫਿਰਕੂ ਧਰੁਵੀਕਰਨ ਅਤੇ ਦੇਸ਼ ਵਿਚ ਮਾੜੀ ਭਾਸ਼ਾ ਵਿਚ ਰਾਜਨੀਤੀ ਕਰਨ ਦੇ ਕ੍ਰਮ ਪ੍ਰਤੀ ਗੰਭੀਰ ਚਿੰਤਾ ਜ਼ਾਹਰ ਕੀਤੀ। ਇਸ ਸਬੰਧ ਵਿਚ ਪਾਰਟੀ ਨੇ ਫਿਲਮ ਅਦਾਕਾਰਾ ਤੋਂ ਐਮ ਪੀ ਬਣੀ ਕੰਗਣਾ ਰਣੌਤ ਵੱਲੋਂ ਪੰਜਾਬੀਆਂ ਖਿਲਾਫ ਜ਼ਹਿਰ ਉਗਲਣ ਤੇ ਵੰਡ ਪਾਊ ਬਿਆਨ ਦੇਣ ਦੀ ਸਖਤ ਨਿਖੇਧੀ ਕੀਤੀ। ਪਾਰਟੀ ਨੇ ਮਤੇ ਵਿਚ ਕਿਹਾ ਕਿ ਪਾਰਟੀ ਕਿਸੇ ਵੀ ਤਰੀਕੇ ਦੀ ਹਿੰਸਾ ਦੀ ਹਮਾਇਤ ਨਹੀਂ ਕਰਦੀ ਪਰ ਕੰਗਣਾ ਰਣੌਤ ਨੂੰ ਵੀ ਉਸਦੀ ਮੰਦੀ, ਘਿਰਣਾਯੋਗ ਤੇ ਨਿਰੰਤਰ ਫਿਰਕੂ ਭਾਵਨਾਵਾਂ ਭੜਕਾਊਂਦੀ ਭਾਸ਼ਾ ਲਈ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਜਿਸ ਕਾਰਣ ਭਾਵਨਾਵਾਂ ਭੜਕੀਆਂ ਤੇ ਹਵਾਈ ਅੱਡੇ ’ਤੇ ਮੰਦਭਾਗੀ ਘਟਨਾ ਵਾਪਰੀ। ਪਾਰਟੀ ਨੇ ਕਿਹਾ ਕਿ ਬੀਬੀ ਕੁਲਵਿੰਦਰ ਕੌਰ ਦੀ ਕਾਰਵਾਈ ਨੂੰ ਸਿਰਫ ਇਕਪਾਸੜ ਸੋਚ ਅਨੁਸਾਰ ਨਹੀਂ ਬਲਕਿ ਜਿਹੜੇ ਹਾਲਾਤ ਵਿਚ ਘਟਨਾ ਵਾਪਰੀ, ਉਸਨੂੰ ਧਿਆਨ ਵਿਚ ਰੱਖਦਿਆਂ ਵੇਖਿਆ ਜਾਣਾ ਚਾਹੀਦਾ ਹੈ।
ਪਾਰਟੀ ਨੇ ਇਹਨਾਂ ਘਟਨਾਵਾਂ ਨੂੰ 1984 ਵਿਚ ਕਾਂਗਰਸ ਦੇ ਸਿੱਖਾਂ ਨੂੰ ਮਾੜਾ ਕਰਾਰ ਦੇਣ ਦੀਆਂ ਘਟਨਾਵਾਂ ਵਾਂਗੂ ਹੀ ਕਰਾਰ ਦਿੱਤਾ ਤੇ ਕੈਥਲ ਵਿਚ ਨੌਜਵਾਨ ਸਿੱਖ ’ਤੇ ਹਮਲੇ ਤੇ ਉਸਨੂੰ ਵੱਖਵਾਦੀ ਕਰਾਰ ਦੇਣ ਦੀ ਘਟਨਾ ਦੀ ਜ਼ੋਰਦਾਰ ਨਿਖੇਧੀ ਕੀਤੀ।
ਪਾਰਟੀ ਨੇ ਇਕ ਦੇਸ਼, ਇਕ ਸਭਿਆਚਾਰ ਦੀ ਸੋਚ ਦਾ ਵੀ ਵਿਰੋਧ ਕੀਤਾ। ਕੋਰ ਕਮੇਟੀ ਨੇ ਪਾਰਟੀ ਦਾ ਸਟੈਂਡ ਮੁੜ ਦੁਹਰਾਇਆ ਕਿ ਭਾਰਤ ਵੱਖ-ਵੱਖ ਸਭਿਆਚਾਰਾਂ, ਧਰਮਾਂ, ਖੇਤਰੀ ਅਤੇ ਭਾਸ਼ਾਈ ਵਿਭਿੰਨਤਾਵਾਂ ਵਾਲਾ ਤੇ ਇਕ ਸੰਘੀ ਢਾਂਚੇ ਵਾਲਾ ਮੁਲਕ ਹੈ ਤੇ ਇਸੇ ਸੋਚ ਸਦਕਾ ਹੀ ਦੇਸ਼ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ।
ਮੀਟਿੰਗ ਵਿਚ ਮੁੜ ਦੁਹਰਾਇਆ ਗਿਆ ਕਿ ਅਕਾਲੀ ਦਲ ਦੇ ਖਿਲਾਫ ਇਕ ਡੂੰਘੀ ਸਾਜ਼ਿਸ਼ ਤਹਿਤ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਸਿੱਖਾਂ ਨੂੰ ਵੰਡਿਆ ਜਾ ਰਿਹਾ ਹੈ ਤਾਂ ਜੋ ਸਿੱਖ ਭਾਈਚਾਰਾ ਆਗੂ ਰਹਿਤ ਹੋ ਜਾਵੇ। ਪਾਰਟੀ ਨੇ ਕਿਹਾ ਕਿ ਇਸ ਸਾਜ਼ਿਸ਼ ਦਾ ਮਕਸਦ ਖਾਲਸਾ ਪੰਥ ਨੂੰ ਵੰਡਣਾ ਤੇ ਕਮਜ਼ੋਰ ਕਰਨਾ ਹੈ ਤੇ ਇਸਦਾ ਅਸਲ ਮੰਤਵ ਸਿੱਖਾਂ ਦੇ ਪਵਿੱਤਰ ਗੁਰਧਾਮਾਂ ਤੇ ਧਾਰਮਿਕ ਸੰਸਥਾਵਾਂ ’ਤੇ ਕਬਜ਼ਾ ਕਰਨਾ ਹੈ। ਪਾਰਟੀ ਨੇ ਸਿੱਖ ਕੌਮ ਨੂੰ ਇਹਨਾਂ ਸਾਜ਼ਿਸ਼ਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।
ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਭੂੰਦੜ, ਹਰਜਿੰਦਰ ਸਿੰਘ ਧਾਮੀ, ਮਹੇਸ਼ਇੰਦਰ ਸਿੰਘ ਗਰੇਵਾਲ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਮਨਜੀਤ ਸਿੰਘ ਜੀ.ਕੇ., ਜਨਮੇਜਾ ਸਿੰਘ ਸੇਖੋਂ, ਅਨਿਲ ਜੋਸ਼ੀ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਹੀਰਾ ਸਿੰਘ ਗਾਬੜੀਆ, ਇਕਬਾਲ ਸਿੰਘ ਝੂੰਦਾ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਡਾ. ਸੁਖਵਿੰਦਰ ਸੁੱਖੀ, ਐਨ ਕੇ ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਬਲਦੇਵ ਸਿੰਘ ਮਾਨ, ਮਨਤਾਰ ਸਿੰਘ ਬਰਾੜ, ਹਰਮੀਤ ਸਿੰਘ ਸੰਧੂ, ਸੋਹਣ ਸਿੰਘ ਠੰਢਲ, ਬੀਬੀ ਹਰਗੋਬਿੰਦ ਕੌਰ ਤੇ ਸਰਬਜੀਤ ਸਿੰਘ ਝਿੰਜਰ ਹਾਜ਼ਰ ਸਨ।