ਚੰਡੀਗੜ੍ਹ, 6 ਜੂਨ 2024 – ਚੰਡੀਗੜ੍ਹ ਏਅਰਪੋਰਟ ‘ਤੇ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨਾਲ ਦੁਰਵਿਵਹਾਰ ਦਾ ਮਾਮਲਾ ਸਾਹਮਣੇ ਆਇਆ ਹੈ। ਉਹ ਚੰਡੀਗੜ੍ਹ ਏਅਰਪੋਰਟ ਪਹੁੰਚੀ ਸੀ। ਉਸ ਨੇ ਫਲਾਈਟ ਰਾਹੀਂ ਦਿੱਲੀ ਜਾਣਾ ਸੀ। ਜਦੋਂ ਉਹ ਸੁਰੱਖਿਆ ਜਾਂਚ ਤੋਂ ਬਾਅਦ ਬੋਰਡਿੰਗ ਲਈ ਜਾ ਰਹੀ ਸੀ ਤਾਂ ਐਲਸੀਟੀ ਕੁਲਵਿੰਦਰ ਕੌਰ (ਸੀਆਈਐਸਐਫ ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ। ਮੁਲਜ਼ਮ ਸੀਆਈਐਸਐਫ ਦੇ ਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।
ਕੰਗਨਾ ਦਾ ਇਲਜ਼ਾਮ- CISF ਮਹਿਲਾ ਜਵਾਨ ਨੇ ਮਾਰਿਆ ਥੱਪੜ
ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਚੋਣ ਜਿੱਤਣ ਵਾਲੀ ਕੰਗਨਾ ਰਣੌਤ ਨੇ ਚੰਡੀਗੜ੍ਹ ਹਵਾਈ ਅੱਡੇ ‘ਤੇ ਤਾਇਨਾਤ ਇੱਕ ਮਹਿਲਾ CISF ਸਿਪਾਹੀ ‘ਤੇ ਥੱਪੜ ਮਾਰਨ ਦਾ ਦੋਸ਼ ਲਗਾਇਆ ਹੈ। ਕੰਗਨਾ ਰਣੌਤ ਨੇ ਇਸ ਮਾਮਲੇ ਦੀ ਸ਼ਿਕਾਇਤ ਕਰਦੇ ਹੋਏ ਮਹਿਲਾ ਸਿਪਾਹੀ ਨੂੰ ਨੌਕਰੀ ਤੋਂ ਹਟਾਉਣ ਅਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਚੋਣ ਜਿੱਤਣ ਤੋਂ ਬਾਅਦ, ਕੰਗਨਾ ਰਣੌਤ ਭਾਜਪਾ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਵਿਸਤਾਰਾ ਏਅਰਲਾਈਨਜ਼ ਦੀ ਫਲਾਈਟ UK707 ਰਾਹੀਂ ਦਿੱਲੀ ਲਈ ਰਵਾਨਾ ਹੋ ਰਹੀ ਸੀ, ਜਦੋਂ ਸੁਰੱਖਿਆ ਜਾਂਚ ਦੌਰਾਨ ਉਨ੍ਹਾਂ ਦੀ ਇੱਕ ਮਹਿਲਾ ਸਿਪਾਹੀ ਨਾਲ ਬਹਿਸ ਹੋ ਗਈ ਅਤੇ ਕੰਗਨਾ ਨੇ ਉਸ ‘ਤੇ ਥੱਪੜ ਮਾਰਨ ਦਾ ਇਲਜ਼ਾਮ ਲਾਇਆ ਹੈ। ਕੰਗਨਾ ਫਿਲਹਾਲ ਦਿੱਲੀ ਪਹੁੰਚ ਚੁੱਕੀ ਹੈ।
ਕਿਸਾਨ ਅੰਦੋਲਨ ਦੌਰਾਨ ਕੰਗਨਾ ਵੱਲੋਂ ਦਿੱਤੇ ਗਏ ਬਿਆਨ ‘ਤੇ ਗੁੱਸੇ ‘ਚ ਸੀ ਮਹਿਲਾ ਜਵਾਨ
ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਵੀਰਵਾਰ ਦੁਪਹਿਰ 3:30 ਵਜੇ ਵਾਪਰੀ। ਕੰਗਨਾ ਰਣੌਤ ਏਅਰਪੋਰਟ ਸੁਰੱਖਿਆ ਜਾਂਚ ਤੋਂ ਬਾਹਰ ਨਿਕਲ ਰਹੀ ਸੀ ਜਦੋਂ ਮਹਿਲਾ ਜਵਾਨ ਨੇ ਉਸ ‘ਤੇ ਹੱਥ ਚੁੱਕਿਆ। ਇਸ ਮਾਮਲੇ ਵਿੱਚ ਕੰਗਨਾ ਰਨੋਟ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ।
ਸੀਆਈਐਸਐਫ ਕਰ ਰਹੀ ਹੈ ਜਾਂਚ
ਇਸ ਮਾਮਲੇ ਵਿੱਚ ਡੀਐਸਪੀ ਏਅਰਪੋਰਟ ਕੁਲਜਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਥੱਪੜ ਮਾਰਨ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਪਰ, ਦੱਸਿਆ ਗਿਆ ਹੈ ਕਿ ਇੱਕ ਮਹਿਲਾ CISF ਸਿਪਾਹੀ ਨੇ ਕੰਗਨਾ ਰਣੌਤ ਨਾਲ ਦੁਰਵਿਵਹਾਰ ਕੀਤਾ ਹੈ। ਫਿਲਹਾਲ ਸੀਆਈਐਸਐਫ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮਹਿਲਾ ਕਰਮਚਾਰੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਮਾਮਲਾ ਕਿਸਾਨ ਅੰਦੋਲਨ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਜਦੋਂ ਕੋਈ ਸ਼ਿਕਾਇਤ ਆਵੇਗੀ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।