- ਭਰਾ ਨੇ ਕਿਹਾ- ਜੀਜੇ ਦਾ ਹੋਇਆ ਹੈ ਬੈਂਗਲੁਰੂ ‘ਚ ਤਬਾਦਲਾ
ਚੰਡੀਗੜ੍ਹ, 4 ਜੁਲਾਈ 2024 – ਚੰਡੀਗੜ੍ਹ ਹਵਾਈ ਅੱਡੇ ‘ਤੇ ਹਿਮਾਚਲ ਦੀ ਸੰਸਦ ਮੈਂਬਰ ਅਤੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਸੀਆਈਐਸਐਫ ਦੀ ਮਹਿਲਾ ਸਿਪਾਹੀ ਕੁਲਵਿੰਦਰ ਕੌਰ ਅਜੇ ਵੀ ਮੁਅੱਤਲ ਹੈ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਮਹਿਲਾ ਸਿਪਾਹੀ ਨੂੰ ਬਹਾਲ ਕਰਕੇ ਬੈਂਗਲੁਰੂ ਤਬਦੀਲ ਕਰ ਦਿੱਤਾ ਗਿਆ ਹੈ। ਇਸ ਖਬਰ ਤੋਂ ਬਾਅਦ CISF ਦਾ ਬਿਆਨ ਸਾਹਮਣੇ ਆਇਆ ਹੈ।
ਸੀਆਈਐਸਐਫ ਮੁਤਾਬਕ ਕਾਂਸਟੇਬਲ ਕੁਲਵਿੰਦਰ ਕੌਰ ਹਾਲੇ ਵੀ ਮੁਅੱਤਲ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਚੱਲ ਰਹੀ ਹੈ। ਸੰਸਦ ਮੈਂਬਰ ਨੂੰ ਥੱਪੜ ਮਾਰਨ ਤੋਂ ਬਾਅਦ ਮਹਿਲਾ ਸਿਪਾਹੀ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਇਸ ਦੌਰਾਨ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਮਹੀਵਾਲ ਦਾ ਵੀ ਬਿਆਨ ਸਾਹਮਣੇ ਆਇਆ ਹੈ। ਸ਼ੇਰ ਸਿੰਘ ਨੇ ਦੱਸਿਆ ਕਿ ਮੇਰੀ ਭੈਣ ਅਤੇ ਜੀਜਾ ਦੋਵੇਂ ਇੱਕੋ ਵਿਭਾਗ ਵਿੱਚ ਕੰਮ ਕਰਦੇ ਹਨ। ਜੀਜੇ ਦਾ ਬੈਂਗਲੁਰੂ ਵਿੱਚ ਤਬਾਦਲਾ ਹੋਇਆ ਹੈ। ਉਸ ਦੀ ਭੈਣ ਨੂੰ ਉਨ੍ਹਾਂ ਨਾਲ ਅਟੈਚ ਕੀਤਾ ਗਿਆ ਹੈ। ਇਸ ਲਈ ਉਸ ਦੀ ਥਾਂ ਇੱਥੋਂ ਬਦਲ ਦਿੱਤੀ ਗਈ ਹੈ। ਪਹਿਲਾਂ ਬੱਚੇ ਮੇਰੇ ਨਾਲ ਰਹਿੰਦੇ ਸਨ, ਪਰ ਹੁਣ ਬੱਚੇ ਉਨ੍ਹਾਂ ਦੇ ਨਾਲ ਹਨ। ਸ਼ੇਰ ਸਿੰਘ ਨੇ ਦੱਸਿਆ ਕਿ ਜੀਜਾ ਆਪਣੀ ਡਿਊਟੀ ਲਈ ਜਾ ਰਿਹਾ ਹੈ। ਉਸ ਨੇ ਉਥੇ ਕੁਆਰਟਰ ਬਣਾਏ ਹੋਏ ਹਨ। ਭੈਣ ਹੁਣ ਘਰ ਹੈ। ਉਨ੍ਹਾਂ ਕਿਹਾ ਕਿ ਸਾਡੇ ਕੋਲ ਮੁਆਫ਼ੀ ਸ਼ਬਦ ਨਹੀਂ ਹੈ। ਭੈਣ ਨੇ ਜੋ ਥੱਪੜ ਮਾਰਿਆ ਹੈ ਉਹ ਕੰਗਨਾ ਨੂੰ ਨਹੀਂ, ਸਿਸਟਮ ਨੂੰ ਹੈ।