- ਪੰਜ ਪਿਆਰਿਆਂ ਦੀ ਅਗਵਾਈ ’ਚ 26 ਜਨਵਰੀ ਨੂੰ ਕੱਢੇ ਜਾਣ ਵਾਲੇ ਮਾਰਚ ਦਾ ਆਗੂਆਂ ਨੇ ਦੱਸਿਆ ਮਾਰਗ, ਨੌਜੁਆਨਾਂ ਨੂੰ ਮਾਰਚ ਵਿਚ ਹੁਲੱੜਬਾਜੀ ਨਾ ਕਰਨ ਦੀ ਦਿੱਤੀ ਹਿਦਾਇਤ
- ਵਰਦੇ ਮੀਂਹ ਵਿਚ ਵੀ ਸੰਗਤ ਦਾ ਠਾਠਾਂ ਮਾਰਦਾ ਹੜ ਆਇਆ
ਮੋਹਾਲੀ 25 ਜਨਵਰੀ 2023 – ਕੌਮੀ ਇੰਨਸਾਫ਼ ਮੋਰਚੇ ਵਲੋਂ 26 ਜਨਵਰੀ 2023 ਨੂੰ ਸ਼ਹਿਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਵਿਸ਼ਾਲ ਰੋਸ ਮਾਰਚ ਕੱਢਿਆ ਜਾਣਾ ਹੈ ਜਿਸ ਦੇ ਸਬੰਧ ਵਿਚ ਮੋਰਚੇ ਦੇ ਆਗੂਆਂ ਵਲੋਂ ਇਕ ਪੱਤਰਕਾਰ ਸੰਮੇਲਨ ਵਿਚ ਮਾਰਚ ਦੀ ਸਾਰੀ ਰੂਪ ਰੇਖਾ ਦੱਸੀ ਗਈ। ਪ੍ਰੈਸ ਕਾਨਫਰੰਸ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੁਲਾਰਾ ਅਤੇ ਸੀਨੀਅਰ ਵਕੀਲ ਅਮਰ ਸਿੰੰਘ ਚਾਹਲ ਦੀ ਅਗਵਾਈ ਵਿਚ ਕੀਤੀ ਗਈ। ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ ਦਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੰਗਤਾਂ ਦੇ ਸਹਿਯੋਗ ਨਾਲ ਚੰਡੀਗੜ੍ਹ ਦੀਆਂ ਬਰੂਹਾਂ ’ਤੇ 7 ਜਨਵਰੀ ਤੋਂ ਲਗਾਏ ਪੱਕੇ ਮੋਰਚੇ ਨੂੰ 17 ਦਿਨ ਹੋ ਚੁਕੇ ਹਨ।
ਉਨ੍ਹਾਂ ਕਿਹਾ ਕਿ ਲਗਾਤਾਰ ਮੋਰਚੇ ’ਤੇ ਸੰਗਤਾਂ ਦਾ ਇਕੱਠ ਵਧਦਾ ਜਾ ਰਿਹਾ ਹੈ, ਹਰ ਰੋਜ਼ ਕਿਸਾਨ ਜੱਥੇਬੰਦੀਆਂ, ਇੰਨਸਾਫ਼ ਪੰਸਦ ਲੋਕ, ਨਿਹੰਗ ਜੱਥੇਬੰਦੀਆਂ, ਗਾਇਕ ਵੱਡੀ ਗਿਣਤੀ ਵਿਚ ਪੁੱਜ ਰਹੇ ਹਨ। ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ 26 ਜਨਵਰੀ ਨੂੰ ਮੋਹਾਲੀ ਸ਼ਹਿਰ ਵਿਚ ਕੱਢੇ ਜਾਣ ਵਾਲੇ ਰੋਸ਼ ਮਾਰਚ ਸਬੰਧੀਂ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਨੇ ਕਿਹਾ ਕਿ 26 ਜਨਵਰੀ 2023 ਨੇ ਸਵੇਰੇ 11:00 ਵਜੇ ਪੱਕੇ ਮੋਰਚੇ ਦੇ ਸਥਾਨ ਤੋਂ ਵਿਸ਼ਾਲ ਰੋਸ ਮਾਰਚ ਪੰਜ ਪਿਆਰਿਆਂ ਦੀ ਅਗਵਾਈ ਵਿਚ ਆਰੰਭ ਹੋਵੇਗਾ।
ਜਿਸ ਦਾ ਮਾਰਗ ਵਾਈ ਪੀ ਐਸ ਚੌਂਕ ਤੋਂ ਫੇਜ਼-9 ਬੁੜੈਲ ਜ਼ੇਲ੍ਹ ਦੇ ਪਿੱਛੋਂ ਲੰਘਦਾ ਹੋਇਆ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਬੱਤੀਆਂ ਤੋਂ ਹੁੰਦਾ ਹੋਇਆ ਫੇਜ਼-11 ਦੇ ਗੁਰਦੁਆਰਾ ਪਹੁੰਚੇਗਾ ਉੱਥੋਂ ਫੇਜ਼ 11ਦੀਆਂ ਬੱਤੀਆਂ ਤੋਂ ਬੈਸਟੈਕ ਮਾਲ ਹੁੰਦਾ ਹੋਇਆ ਆਈਸਰ ਦੀਆਂ ਬੱਤੀਆਂ ਤੋਂ ਏਅਰ ਪੋਰਟ ਸੜ੍ਹਕ ਤੋਂ ਹੁੰਦਾ ਹੋਇਆ ਗੁਰੂਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਪਹੁੰਚੇਗਾ ਉੱਥੋਂ ਅੱਗੇ ਵੱਧਦਾ ਹੋਇਆ ਕੁੰਭੜਾ ਚੌਂਕ, ਫੇਜ਼-7 ਦੀਆਂ ਬੱਤੀਆਂ ਤੋਂ ਚਾਵਲਾ ਚੌਂਕ ਹੁੰਦਾ ਹੋਇਆ 3-5 ਦੀਆਂ ਬੱਤੀਆਂ ਤੋਂ ਮਦਨਪੁਰ ਚੌਂਕ ਪਹੁੰਚੇਗਾ ਅਤੇ ਵਾਈ ਪੀ ਐਸ ਚੌਂਕ ਪਹੁੰਚ ਕੇ ਸਮਾਪਤ ਹੋਵੇਗਾ।
ਉਨ੍ਹਾਂ ਇਸ ਰੋਸ਼ ਮਾਰਚ ਵਿਚ ਸ਼ਹੀਦਾਂ ਅਤੇ ਬੰਦੀ ਸਿੰਘਾਂ ਦੇ ਪਰਿਵਾਰਕ ਮੈਂਬਰ, ਢਾਡੀ, ਕਵੀਸ਼ਰ ਅਤੇ ਨਿਹੰਗ ਜੱਥੇਬੰਦੀਆਂ ਮਾਰਚ ਵਿਚ ਉਚੇਚੇ ਤੌਰ ’ਤੇ ਸ਼ਮੂਲੀਅਤ ਕਰਨਗੀਆਂ। ਪੰਜਾਬ, ਹਰਿਆਣਾ ਅਤੇ ਹੋਰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿਚ ਕਿਸਾਨ ਜਥੇਬੰਦੀਆਂ, ਧਾਰਮਕ ਅਤੇ ਸਮਾਜਕ ਜੱਥੇਬੰਦੀਆਂ ਸ਼ਮੂਲੀਅਤ ਕਰਨਗੀਆਂ। ਉਨ੍ਹਾਂ ਸੰਗਤਾਂ ਨੂੰ ਵੱਡੇ ਪੱਧਰ ’ਤੇ ਰੋਸ਼ ਮਾਰਚ ਵਿਚ ਸ਼ਮੂਲੀਅਤ ਕਰਨ ਲਈ ਬੇਨਤੀ ਕਰਦਿਆਂ ਕਿਹਾ ਕਿ ਸਰਕਾਰਾਂ ਨੂੰ ਪਤਾ ਲੱਗ ਜਾਣਾ ਚਾਹੀਦਾ ਹੈ ਕਿ ਸਜ਼ਾਵਾਂ ਭੁਗਤ ਚੁਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਕੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਨਾਲ ਹੀ ਸਰਕਾਰ ਨੂੰ ਸੁੱਖ ਦਾ ਸਾਹ ਆਵੇਗਾ।
ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਕਿ ਮਾਰਚ ਵਿਚ ਸ਼ਮੂਲੀਅਤ ਕਰਨ ਨਾਲ ਹੀ ਸਰਕਾਰਾਂ ’ਤੇ ਦਬਾਓ ਬਣੇਗਾ ਅਤੇ ਮਾਰਚ ਵਿਚ ਅਨੂਸਾਸ਼ਨ ਨੂੰ ਪਹਿਲ ਦਿੱਤੀ ਜਾਵੇਗੀ। ਜਿਸ ਲਈ ਕੌਮੀ ਇੰਨਸਾਫ਼ ਮੋਰਚੇ ਵਲੋਂ ਵੱਡੀ ਗਿਣਤੀ ਵਿਚ ਸੇਵਾਦਾਰਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਹਨ। ਸੀਨੀਅਰ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾਂ ਸਿੱਖ ਪੰਥ ਨਾਲ ਧੱਕਾ ਕੀਤਾ ਹੈ, ਬਲਤਕਾਰੀ, ਰਾਜੀਵ ਗਾਂਧੀ ਨੂੰ ਮਾਰਨ ਵਾਲੇ ਬਰੀ ਕੀਤੇ ਜਾ ਸਕਦੇ ਹਨ ਪਰ ਜਦੋਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਹੈ ਤਾਂ ਸਰਕਾਰਾਂ ਕੰਨੀ ਕਤਰਾਉਣ ਲੱਗ ਪੈਂਦੀਆਂ ਹਨ। ਸਰਕਾਰਾਂ ਅਦਾਲਤਾਂ ਦੇ ਹੁਕੱਮਾਂ ਨੂੰ ਵੀ ਛਿੱਕੇ ਟੰਗ ਦਿੰਦੀਆਂ ਹਨ। ਜਿਸ ਕਾਰਨ ਮਜ਼ਬੂਰਨ ਅਜਿਹੇ ਕਦਮ ਚੁੱਕਣੇ ਪੈਂਦੇ ਹਨ।
ਸਮਾਗਮ ਵਿਚ ਵੱਖ ਵੱਖ ਢਾਡੀ ਅਤੇ ਕਵੀਸ਼ਰ ਜੱਥਿਆਂ ਨੇ ਸੰਗਤਾਂ ਵਿਚ ਆਪਣੀ ਹਾਜ਼ਰੀ ਲੁਵਾਈ, ਜਿਸ ਵਿਚ ਪੰਥਕ ਢਾਡੀ ਜੱਥਾ ਰਘਬੀਰ ਸਿੰਘ, ਸ਼ੇਰੇ-ਏ-ਪੰਜਾਬ ਕਵੀਸ਼ਰੀ ਜੱਥਾ ਗੁਰਮੀਤ ਸਿੰਘ ਝਾਮ ਪੁਰ ਵਾਲੇ ਉਚੇਚੇ ਤੌਰ ’ਤੇ ਪਹੁੰਚੇ। ਅੱਜ ਪੱਕੇ ਮੋਰਚੇ ਵਿਚ ਸੰਯੂਕਤ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਏਕਤਾ, ਭਾਰਤੀ ਕਿਸਾਨ ਯੂਨੀਅਨ ਖੋਸਾ, ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ, ਲੋਕ ਭਲਾਈ ਵੈਲਫੇਅਰ ਸੁਸਾਇਟੀ, ਕਿਸਾਨ ਜਵਾਨ ਭਲਾਈ ਯੂਨੀਅਨ, ਦਸੂਹਾ ਗੰਨਾ ਸੰਘਰਸ਼ ਕਮੇਟੀ, ਪੱਗੜੀ ਸੰਭਾਲ ਲਹਿਰ, ਦੋਆਬਾ ਵੈਲਫੇਅਰ ਸੰਘਰਸ਼ ਕਮੇਟੀ, ਬੀ ਕੇ ਯੂ ਅਜ਼ਾਦ, ਭਾਰਤੀ ਕਿਸਾਨ ਯੂਨੀਅਨ ਮਾਝਾ, ਭਾਰਤੀ ਕਿਸਾਨ ਯੂਨੀਅਨ ਮਾਨਸਾ, ਪੰਜਾਬ ਕਿਸਾਨ ਮਜ਼ਦੂਰ ਯੂਨੀਅਨ, ਬਾਰਡਰ ਕਿਸਾਨ ਯੂਨੀਅਨ, ਕਿਸਾਨ ਮਜ਼ਦੂਰ ਸੰਘਰਸ਼ ਐਸੋਸੀਏਸ਼ਨ ਅਤੇ ਕਿਸਾਨ ਯੂਥ ਵਿੰਗ ਪੰਜਾਬ ਨੇ ਸ਼ਮੂਲੀਅਤ ਕੀਤੀ। ਸਮਾਗਮ ਦਾ ਮੰਚ ਸੰਚਾਲਨ ਪ੍ਰਗਟ ਸਿੰਘ ਨੇ ਬਾਖੂਬੀ ਨਿਭਾਇਆ।
ਜਿੱਥੇ ਨਾਮਵਾਰ ਗਾਇਕਾਂ ਅਤੇ ਅਦਾਕਾਰਾਂ ਵਲੋਂ ਮੋਰਚੇ ਵਿਚ ਸ਼ਮੂਲੀਅਤ ਕੀਤੀ ਜਾ ਰਹੀ ਹੈ ਉੱਥੇ ਹੀ ਅੱਜ ਬਿੱਟੂ ਖੰਨਾਂ ਵਾਲੇ ਨੇ ਵੀ ਆਪਣੇ ਸਾਥੀਆਂ ਸਮੇਤ ਹਾਜ਼ਰੀ ਲੁਵਾਈ। ਇਸ ਮੌਕੇ ਮੋਰਚੇ ’ਚ ਪਹੁੰਚੀ ਸੰਗਤ ਨੂੰ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿਚ ਫਰਮਾਣ ਸਿਘ ਸੰਧੂ, ਡਾ. ਸਾਰੰਗ ਸਿੰਘ, ਬਿੱਟੂ ਖੰਨੇ ਵਾਲਾ, ਬੀਬੀ ਕੁਲਵੰਤ ਕੌਰ ਖ਼ਾਲਸਾ ਅਤੇ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ 26 ਜਨਵਰੀ ਨੂੰ ਕੱਢੇ ਜਾਣ ਵਾਲੇ ਰੋਸ਼ ਮਾਰਚ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ। ਅੱਜ ਸਭ ਤੋਂ ਵੱਡੀ ਗੱਲ ਇਹ ਰਹੀ ਕਿ ਵਰਦੇ ਮੀਂਹ ਵਿਚ ਸੰਗਤਾਂ ਦਾ ਠਾਠਾਂ ਮਾਰਦਾ ਹੜ ਆਇਆ ਹੋਇਆ ਸੀ। ਸੰਗਤਾਂ ਦਾ ਧੰਨਵਾਦ ਕਰਦਿਆਂ ਬਾਪੂ ਗੁਰਚਰਨ ਸਿੰਘ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਲੋਂ 26 ਜਨਵਰੀ ਨੂੰ ਰੋੋਸ਼ ਮਾਰਚ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਬੇਨਤੀ ਕੀਤੀ ਅਤੇ ਅਨੂਸਾਸ਼ਨ ਵਿਚ ਰਹਿ ਕੇ ਸਰਕਾਰਾਂ ਦੇ ਕੰਨਾਂ ਵਿਚ ਆਪਣੀ ਅਵਾਜ਼ ਪਹੁੰਚਾਣ ਲਈ ਲਾਮਬੰਦ ਕੀਤਾ।