ਅੱਜ ਕੇਜਰੀਵਾਲ ਅਤੇ ਭਗਵੰਤ ਮਾਨ ਅੰਮ੍ਰਿਤਸਰ ਵਿੱਚ ‘ਸਕੂਲ ਆਫ ਐਮੀਨੈਂਸ’ ਦੀ ਕਰਨਗੇ ਸ਼ੁਰੂਆਤ

  • ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਤੋਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ,
  • ਅਰਵਿੰਦ ਕੇਜਰੀਵਾਲ ਅੱਜ ਭਗਵੰਤ ਮਾਨ ਨਾਲ ਅੰਮ੍ਰਿਤਸਰ ‘ਚ ਸਕੂਲ ਆਫ ਐਮੀਨੈਂਸ ਦਾ ਕਰਨਗੇ ਉਦਘਾਟਨ

ਅੰਮ੍ਰਿਤਸਰ, 13 ਸਤੰਬਰ 2023 – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਜਿੱਥੇ ਅੰਮ੍ਰਿਤਸਰ ਤੋਂ ਪੰਜਾਬ ‘ਚ 117 ਸਕੂਲ ਆਫ ਐਮੀਨੈਂਸ ਖੋਲ੍ਹੇ ਜਾਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਉੱਥੇ ਹੀ ‘ਆਪ’ ਦੇ ਇਹ ਦੋ ਵੱਡੇ ਚਿਹਰੇ ਇੱਕ ਵਿਸ਼ਾਲ ਰੈਲੀ ਨੂੰ ਵੀ ਸੰਬੋਧਨ ਕਰਨ ਜਾ ਰਹੇ ਹਨ। ‘ਆਪ’ ਦੀ ਚੋਣ ਮੁਹਿੰਮ ਵੀ ਇਸ ਮੈਗਾ ਰੈਲੀ ਨਾਲ ਸ਼ੁਰੂ ਹੋਵੇਗੀ।

ਸੀਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਦੁਪਹਿਰ 2 ਵਜੇ ਛੇਹਰਟਾ ਵਿੱਚ ਹਾਈਟੈਕ ਸਕੂਲ ਦੀ ਸ਼ੁਰੂਆਤ ਕਰਨਗੇ। ਅਰਵਿੰਦ ਕੇਜਰੀਵਾਲ ਨੂੰ ਸਕੂਲ ਦਾ ਦੌਰਾ ਕਰਵਾਉਣ ਤੋਂ ਬਾਅਦ ਉਹ ਸਿੱਧੇ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ ‘ਤੇ ਪਹੁੰਚਣਗੇ। ‘ਆਪ’ ਸਮਰਥਕਾਂ ਨੂੰ ਰੈਲੀ ਵਾਲੀ ਥਾਂ ‘ਤੇ ਪਹੁੰਚਣ ਲਈ 3 ਵਜੇ ਦਾ ਸਮਾਂ ਦਿੱਤਾ ਗਿਆ ਹੈ।

ਰਣਜੀਤ ਐਵੀਨਿਊ ਦੁਸਹਿਰਾ ਗਰਾਊਂਡ ਵਿੱਚ ਵੱਡਾ ਵਾਟਰ ਪਰੂਫ ਟੈਂਟ ਲਗਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰੈਲੀ ‘ਚ ਕਰੀਬ 50 ਹਜ਼ਾਰ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ। ਇਸ ਰੈਲੀ ਦਾ ਆਯੋਜਨ ਕਰਕੇ ਆਮ ਆਦਮੀ ਪਾਰਟੀ ਪੰਜਾਬ ਵਿੱਚ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਏਗੀ।

ਮੁੱਖ ਮੰਤਰੀ ਮਾਨ ਅਤੇ ਅਰਵਿੰਦ ਕੇਜਰੀਵਾਲ ਜਿਸ ਸਕੂਲ ਦਾ ਉਦਘਾਟਨ ਕਰਨ ਆ ਰਹੇ ਹਨ, ਉਹ ਛੇਹਰਟਾ ਦਾ ਸਰਕਾਰੀ ਸਕੂਲ ਹੈ। ਇਸ ਸਕੂਲ ਦੀ ਇਮਾਰਤ ਨੂੰ ਸੁਧਾਰਨ ਦੀ ਜ਼ਿੰਮੇਵਾਰੀ ਲੋਕ ਨਿਰਮਾਣ ਵਿਭਾਗ ਅਤੇ ਨਗਰ ਸੁਧਾਰ ਟਰੱਸਟ ਨੂੰ ਸੌਂਪੀ ਗਈ ਸੀ, ਜਿਸ ਨੂੰ ਬਾਖੂਬੀ ਨਿਭਾਇਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਪਾਰਟੀ ਦੇ ਸੀਨੀਅਰ ਆਗੂ ਅੱਜ ਸਕੂਲ ਦਾ ਦੌਰਾ ਕਰਨਗੇ।

ਅੰਮ੍ਰਿਤਸਰ ਵਿੱਚ ਹੋਣ ਵਾਲੇ ਇਸ ਪ੍ਰੋਗਰਾਮ ਕਾਰਨ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਅੰਮ੍ਰਿਤਸਰ ਪੁਲੀਸ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ। ਲੋਕਾਂ ਦੀ ਸਹੂਲਤ ਲਈ ਸ਼ਹਿਰ ਵਿੱਚ ਬੁੱਧਵਾਰ ਦਾ ਰੂਟ ਬਦਲ ਦਿੱਤਾ ਗਿਆ ਹੈ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਦੁਸਹਿਰਾ ਗਰਾਊਂਡ ਵਿੱਚ ਰੈਲੀ ਕੀਤੀ ਜਾ ਰਹੀ ਹੈ। ਜਿਸ ਵਿੱਚ ਦੂਜੇ ਸ਼ਹਿਰਾਂ ਤੋਂ ਆਉਣ ਵਾਲੇ ਸਮਰਥਕਾਂ ਨੂੰ ਬਾਈਪਾਸ ਵੱਲ ਭੇਜਿਆ ਜਾਵੇਗਾ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ।

ਡੀਸੀਪੀ ਲਾਅ ਐਂਡ ਆਰਡਰ ਪਰਮਿੰਦਰ ਸਿੰਘ ਭੰਡਾਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਅਪੀਲ ਹੈ ਕਿ ਗੋਲਡਨ ਗੇਟ ਤੋਂ ਬਾਈਪਾਸ ਮਾਰਗ ’ਤੇ ਦੁਪਹਿਰ ਤੋਂ ਬਾਅਦ ਬਾਹਰੋਂ ਆਉਣ ਵਾਲੇ ਲੋਕਾਂ ਦੀ ਆਵਾਜਾਈ ਜ਼ਿਆਦਾ ਰਹੇਗੀ। ਜਿਸ ਕਾਰਨ ਉਸ ਰਸਤੇ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ।

ਛੇਹਰਟਾ ਸਾਹਿਬ-ਇੰਡੀਆ ਗੇਟ ਦੇ ਬਾਹਰਲੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੀ ਪਹੁੰਚ ਰਹੇ ਹਨ। ਉਸ ਪਾਸੇ ਦੇ ਲੋਕਾਂ ਨੂੰ ਕੁਝ ਸਮੇਂ ਲਈ ਰੋਕ ਦਿੱਤਾ ਜਾਵੇਗਾ ਪਰ ਰਣਜੀਤ ਐਵੀਨਿਊ ਸਥਿਤ ਰੈਲੀ ਵਾਲੀ ਥਾਂ ਨੇੜੇ ਦੁਪਹਿਰ ਤੋਂ ਬਾਅਦ ਆਵਾਜਾਈ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਜਾਵੇਗੀ। ਇਸ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ।

ਦੂਜੇ ਸ਼ਹਿਰਾਂ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਬੱਸਾਂ ਦੀ ਪਾਰਕਿੰਗ ਲਈ ਤਿੰਨ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਜਿਸ ਵਿੱਚ ਤਰਨਤਾਰਨ, ਜਲੰਧਰ, ਬਟਾਲਾ ਸਾਈਡ ਤੋਂ ਆਉਣ ਵਾਲੀਆਂ ਬੱਸਾਂ ਨੂੰ ਆਨੰਦ ਪਾਰਕ ਤੋਂ ਰਣਜੀਤ ਐਵੀਨਿਊ ਵੱਲ ਮੋੜਿਆ ਜਾਵੇਗਾ। ਬੱਸਾਂ ਦੁਸਹਿਰਾ ਗਰਾਊਂਡ ਦੇ ਸਾਹਮਣੇ, ਹਰਤੇਜ ਅਤੇ ਕਲਾਰਕ ਇਨ ਨੇੜੇ ਖਾਲੀ ਥਾਂ ਵਿੱਚ ਖੜੀਆਂ ਕੀਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਕਾਰਾਂ ਦੀ ਪਾਰਕਿੰਗ ਦੁਸਹਿਰਾ ਗਰਾਊਂਡ ਦੇ ਨਾਲ-ਨਾਲ ਬਾਜ਼ਾਰ ਵਿੱਚ ਅਤੇ ਉਸ ਦੇ ਸਾਹਮਣੇ ਕੀਤੀ ਜਾਵੇਗੀ। ਡੀਸੀਪੀ ਭੰਡਾਲ ਅਨੁਸਾਰ ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੀਆਂ ਸੰਗਤਾਂ ਅਤੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪਲੇਨ ਖਰਾਬ ਹੋਣ ਕਾਰਨ ਭਾਰਤ ‘ਚ ਫਸੇ ਕੈਨੇਡਾ PM ਟਰੂਡੋ ਆਖਰ ਪਰਤੇ ਵਾਪਿਸ

ਅਟਾਰੀ ਸਰਹੱਦ ਨੇੜੇ ਡਰੋਨ ਬਰਾਮਦ: 2 ਤਸਕਰਾਂ ਖਿਲਾਫ ਐਫ.ਆਈ.ਆਰ ਵੀ ਦਰਜ