ਪੰਜਾਬੀਆਂ ਤੋਂ ਮੌਕਾ ਮੰਗਣ ਵਾਲੇ ਕੇਜਰੀਵਾਲ ਇਹ ਦੱਸਣ ਕਿ ਪੰਜਾਬੀਆਂ ਤੇ ਪੰਜਾਬੀ ਮਾਂ ਬੋਲੀ ਨੂੰ ਦਿੱਲੀ ਵਿਚ ਕਿੰਨਾ ਮੌਕਾ ਦਿੱਤਾ : ਅਕਾਲੀ ਦਲ

  • ਆਮ ਆਦਮੀ ਸਰਕਾਰ ਨੇ ਹਮੇਸ਼ਾ ਸਿੱਖਾਂ ਤੇ ਪੰਜਾਬੀਆਂ ਨਾਲ ਵਿਤਕਰਾ ਕੀਤਾ : ਬੈਂਸ

ਚੰਡੀਗੜ੍ਹ, 2 ਫਰਵਰੀ 2022 – ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਤੋਂ ਇਕ ਮੌਕਾ ਮੰਗਣ ਤੋਂ ਪਹਿਲਾਂ ਕੇਜਰੀਵਾਲ ਇਹ ਦੱਸਣ ਕਿ ਉਹਨਾਂ ਨੇ ਦਿੱਲੀ ਵਿਚ ਪੰਜਾਬੀਆਂ ਤੇ ਸਿੱਖਾਂ ਨੁੰ ਕਿੰਨੇ ਮੌਕੇ ਦਿੱਤੇ ਹਨ।

ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੇ ਸਾਰੇ ਪੰਜਾਬ ਵਿਚ ਇਹ ਬੋਰਡ ਲਗਾ ਦਿੱਤੇ ਹਨ ਕਿ ਇਕ ਮੌਕਾ ਕੇਜਰੀਵਾਲ ਨੂੰ ਪਰ ਦਿੱਲੀ ਦੇ ਮਾਮਲੇ ਵਿਚ ਉਹਨਾਂ ਪੰਜਾਬੀਆਂ ਤੇ ਸਿੱਖਾਂ ਨਾਲ ਵਿਤਕਰਾ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰੀ ਕੇਜਰੀਵਾਲ ਦੀ ਵਜ਼ਾਰਤ ਵਿਚ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ। ਉਹਨਾਂ ਦੀ ਸਰਕਾਰ ਵਿਚ ਕੋਈ ਵੀ ਚੇਅਰਮੈਨ ਸਿੱਖ ਜਾਂ ਪੰਜਾਬੀ ਨਹੀਂ ਹੈ, ਸਰਕਾਰ ਦਾ ਕੋਈ ਵੀ ਪ੍ਰਮੁੱਖ ਅਫਸਰ ਸਿੱਖ ਜਾਂ ਪੰਜਾਬੀ ਨਹੀਂ ਹੈ, ਕਿਸੇ ਵੀ ਬੋਰਡ ਦਾ ਡਾਇਰੈਕਟਰ ਸਿੱਖ ਜਾਂ ਪੰਜਾਬੀ ਨਹੀਂ ਹੈ। ਉਹਨਾਂ ਕਿਹਾ ਕਿ ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਦੇ ਮੁੱਖ ਸਕੱਤਰ ਜਾਂ ਉਹਨਾਂ ਦੇ ਆਪਣੇ ਪ੍ਰਮੁੱਖ ਸਕੱਤਰਾਂ ਵਿਚੋਂ ਵੀ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ।

ਬੈਂਸ ਨੇ ਕਿਹਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਆਈ ਏ ਐਸ, ਆਈ ਆਰ ਐਸ ਤੇ ਹੋਰ ਅਫਸਰ ਪੰਜਾਬੀ ਅਤੇ ਸਿੱਖ ਹਨ ਪਰ ਸ੍ਰੀ ਕੇਜਰੀਵਾਲ ਨੇ ਕਿਸੇ ਇਕ ਨੁੰ ਵੀ ਤਾਇਨਾਤ ਨਹੀਂ ਕੀਤਾ।

ਉਹਨਾਂ ਕਿਹਾ ਕਿ ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਨੇ ਸਿੱਖਿਆ ਨੀਤੀ ਦੇ ਮਾਮਲੇ ਵਿਚ ਬਣਾਏ ਬੋਰਡ ਦੇ ਵਿਚ ਕਿਸੇ ਪੰਜਾਬੀ ਨੁੰ ਸ਼ਾਮਲ ਨਹੀਂ ਕੀਤਾ ਤੇ ਨਾ ਹੀ ਇਸ ਬੋਰਡ ਵਿਚ ਪੰਜਾਬੀ ਭਾਸ਼ਾ ਬਾਰੇ ਹੀ ਕੋਈ ਫੈਸਲਾ ਹੋਇਆ। ਉਹਨਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੇਜਰੀਵਾਲ ਸਰਕਾਰ ਨੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਤੱਕ ਪੰਜਾਬੀ ਭਾਸ਼ਾ ਨੁੰ ਨਿਰਉਤਸ਼ਾਹਿਤ ਕੀਤਾ ਹੈ ਤੇ ਇਸਦੀ ਕੋਈ ਕਦਰ ਨਹੀਂ ਪਾਈ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਅਧਿਆਪਕ ਭਰਤੀ ਨਹੀਂ ਕੀਤੇ ਗਏ ਤੇ ਜੋ ਭਰਤੀ ਹਨ, ਉਹ ਠੇਕੇ ’ਤੇ ਕੰਮ ਕਰਦੇ ਹਨ, ਉਹ ਰੈਗੂਲਰ ਨਹੀਂ ਕੀਤੇ ਗਏ।

ਬੈਂਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਧੁਰ ਅੰਦਰੋਂ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਕੀ ਵਤੀਰਾ ਰੱਖਦੇ ਹਨ, ਇਹ ਇਸ ਗੱਲ ਤੋਂ ਹੀ ਸਪਸ਼ਟ ਹੋ ਜਾਵੇਗਾ ਕਿ ਉਹਨਾਂ ਨੇ ਪ੍ਰਮੁੱਖ ਸਿੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਐਚ ਐਸ ਫੂਲਕਾ, ਕੰਵਰ ਸੰਧੂ ਤੇ ਡਾ. ਦਲਜੀਤ ਸਿੰਘ ਵਰਗੇ ਪ੍ਰਮੁੱਖ ਆਗੂਆਂ ਦੀ ਬੇਕਦਰੀ ਕੀਤੀ ਤੇ ਉਹਨਾਂ ਨੁੰ ਖੁੱਡੇ ਲਗਾ ਦਿੱਤਾ। ਉਹਨਾਂ ਕਿਹਾ ਕਿ ਅੱਜ ਆਪ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਆਗੂ ਸ੍ਰੀ ਰਾਘਵ ਚੱਢਾ ਦੇ ਨਾਨਕੇ ਤੇ ਦਾਦਕੇ ਪੰਜਾਬੀ ਪਰ ਬਦਕਿਸਮਤੀ ਨੁੰ ਉਹ ਜਦੋਂ ਪੰਜਾਬ ਆਉਂਦੇ ਹਨ ਤਾਂ ਕਦੇ ਪੰਜਾਬੀ ਵਿਚ ਗੱਲ ਨਹੀਂ ਕਰਦੇ।

ਬੈਂਸ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਦੇ ਦਿਲ ਵਿਚ ਪੰਜਾਬੀਆਂ ਪ੍ਰਤੀ ਸਿਰਫ ਬੇਰੁਖੀ ਹੈ ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਪੰਜਾਬ ਤੋਂ ਮੌਕਾ ਮੰਗ ਰਹੇ ਹਨ। ਉਹਨਾਂ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਇਹ ਮੌਕਾ ਮੰਗ ਰਹੇ ਹਨ ਜਦੋਂ ਕਿ ਉਹਨਾਂ ਕਦੇ ਪੰਜਾਬੀਆਂ ਤੇ ਸਿੱਖਾਂ ਦੀ ਕਦਰ ਨਹੀਂ ਪਾਈ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਸਿਰਸਾ ਨੇ ਮੋਦੀ ਦੇ ਕੀਤੇ ਗੁਣਦਾਨ, ਚੰਨੀ-ਸਿੱਧੂ-ਭਗਵੰਤ ‘ਤੇ ਲਾਏ ਨਿਸ਼ਾਨੇ

ਸੰਯੁਕਤ ਸਮਾਜ ਮੋਰਚੇ ਨੂੰ ਚੋਣ ਕਮਿਸ਼ਨ ਨੇ ਦਿੱਤੀ ਮਾਨਤਾ